ਇੱਕ ਪਾਸੇ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ, ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ‘ਲੰਚ ਡਿਪਲੋਮੇਸੀ’ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਨੇ ਨਵਜੋਤ ਸਿੰਘ ਸਿੱਧੂ ਨਾਲ ਚੱਲ ਰਹੀ ਤਕਰਾਰ ਦੇ ਵਿਚਕਾਰ ਅੱਜ ਦੁਪਹਿਰ ਦੇ ਖਾਣੇ ਲਈ ਸ਼ਹਿਰੀ ਖੇਤਰਾਂ ਦੇ ਕੁਝ ਹਿੰਦੂ ਕਾਂਗਰਸੀ ਨੇਤਾਵਾਂ ਨੂੰ ਬੁਲਾਇਆ ਹੈ।
ਇਸ ‘ਚ ਸਭ ਤੋਂ ਖਾਸ ਹੈ ਕਿ ਉਨ੍ਹਾਂ ਨੇ ਕਾਂਗਰਸ ਦੇ ਨੇਤਾ ਅਤੇ ਸਾਬਕਾ ਮੰਤਰੀ ਅਸ਼ਵਨੀ ਸੇਖਦੀ ਜੋ ਅਕਾਲੀ ਦਲ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਹਸਪਤਾਲ ਵਿਚ ਦਾਖਲ ਹੋ ਗਏ ਸੀ, ਨੂੰ ਵੀ ਇਸ ਦਾਵਤ ‘ਤੇ ਬੁਲਾਇਆ ਹੈ। ਮੁੱਖ ਮੰਤਰੀ ਅਮਰਿੰਦਰ ਨੇ ਕੁਝ ਪੁਰਾਣੇ ਨੇਤਾਵਾਂ ਨੂੰ ਦੁਪਹਿਰ ਦੇ ਖਾਣੇ ਤੇ ਆਉਣ ਲਈ ਫੋਨ ਕੀਤਾ ਹੈ।
ਦਿੱਲੀ ਵਿੱਚ ਨਵਜੋਤ ਸਿੰਘ ਸਿੱਧੂ ਹਾਈ ਕਮਾਨ ਨੂੰ ਮਿਲ ਕੇ ਆਪਣੇ ‘ਗਣਿਤ’ ਨੂੰ ਸੁਧਾਰਨ ਵਿੱਚ ਲੱਗੇ ਹੋਏ ਹਨ। ਉਹ ਬੁੱਧਵਾਰ ਨੂੰ ਦਿਨ ਪਹਿਲਾਂ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਮਿਲੇ ਅਤੇ ਫਿਰ ਸ਼ਾਮ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਸਿੱਧੂ ਮੰਗਲਵਾਰ ਨੂੰ ਹੀ ਦਿੱਲੀ ਆਏ ਸੀ ਪਰ ਉਹ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਬੁੱਧਵਾਰ ਨੂੰ ਮਿਲੇ।
ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਦੀ ਰਿਹਾਇਸ਼ ਤੇ ਪ੍ਰਿਅੰਕਾ ਗਾਂਧੀ ਵੀ ਉਨ੍ਹਾਂ ਦੀ ਮੁਲਾਕਾਤ ਦੌਰਾਨ ਮੌਜੂਦ ਸੀ। ਬੀਤੇ ਕੱਲ ਦਿਨ ਵੇਲੇ ਪ੍ਰਿਯੰਕਾ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਨੇ ਸ਼ਾਮ ਨੂੰ ਰਾਹੁਲ ਗਾਂਧੀ ਨਾਲ 12 ਤੁਗਲਕ ਲੇਨ ਨਿਵਾਸ ‘ਤੇ ਜਾ ਕੇ ਮੁਲਾਕਾਤ ਕੀਤੀ।ਜਾਣਕਾਰੀ ਮੁਤਾਬਕ ਨਵਜੋਤ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਜਾਂ ਫਿਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਗੱਲ ਹੋਈ ਹੈ ਜਿਸ ਦੀ ਕਿਤਿਓਂ ਵੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ। ਰਾਹੁਲ ਗਾਂਧੀ ਨੇ ਨਵੇਂ ‘ਪੰਜਾਬ ਫ਼ਾਰਮੂਲਾ’ ਤੋਂ ਨਵਜੋਤ ਸਿੱਧੂ ਨੂੰ ਜਾਣੂ ਕਰਵਾ ਦਿੱਤਾ ਹੈ। ਮੀਟਿੰਗ ਦੌਰਾਨ ਹੋਈ ਚਰਚਾ ਬਾਰੇ ਹੋਰ ਵਿਸਤਾਰ ਵਿਚ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ। ਸਿੱਧੂ ਦੀ ਰਾਹੁਲ ਨਾਲ ਹੋਈ ਬੈਠਕ ਮੌਕੇ ਪ੍ਰਿਯੰਕਾ ਗਾਂਧੀ ਵੀ ਮੌਜੂਦ ਸੀ ਤੇ ਇਹ ਰਾਤ ਕਰੀਬ 8.40 ਤੱਕ ਚੱਲੀ।
ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਵਿਚ ਛਿੜੇ ਵਿਵਾਦ ਦੌਰਾਨ ਰਾਹੁਲ ਗਾਂਧੀ ਨੇ ਦਰਜਨਾਂ ਵਜ਼ੀਰਾਂ ਅਤੇ ਵਿਧਾਇਕਾਂ ਨਾਲ ਸਿੱਧੀ ਮੀਟਿੰਗ ਕੀਤੀ ਸੀ। ਕਨਸੋਆਂ ਹਨ ਕਿ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਲਈ ਹਾਈਕਮਾਨ ਤਿਆਰ ਹੈ ਪਰ ਪ੍ਰਿਯੰਕਾ ਗਾਂਧੀ ਨੇ ਅੱਜ ਨਵਜੋਤ ਸਿੱਧੂ ਲਈ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮੰਗੀ ਹੈ।
ਸਿੱਧੂ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਪਿਛਲੇ ਇੱਕ ਸਾਲ ਤੋਂ ਪੰਜਾਬ ਕਾਂਗਰਸ ਵਿੱਚ ਤਣਾਅ ਚੱਲ ਰਿਹਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿਚ ਇੱਕ ਅਹਿਮ ਜ਼ਿੰਮੇਵਾਰੀ ਮਿਲ ਸਕਦੀ ਹੈ। ਬੁੱਧਵਾਰ ਨੂੰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਨੇ ਉਨ੍ਹਾਂ ਵਲੋਂ ਦਿੱਤੇ ਫਾਰਮੂਲੇ ‘ਤੇ ਸਹਿਮਤੀ ਜਤਾਈ ਹੈ। ਸਿੱਧੂ ਨੂੰ ਦਿੱਤੀ ਗਈ ਅਹਿਮ ਜ਼ਿੰਮੇਵਾਰੀ ਬਾਰੇ ਕਾਂਗਰਸ ਪਾਰਟੀ ਅਗਲੇ 48 ਘੰਟਿਆਂ ਵਿੱਚ ਇੱਕ ਪ੍ਰੈਸ ਕਾਨਫਰੰਸ ਕਰ ਸਕਦੀ ਹੈ।
ਦੱਸ ਦਈਏ ਕਿ ਹਾਲ ਹੀ ਦੇ ਹਫਤਿਆਂ ਵਿੱਚ ਸਿੱਧੂ ਅਤੇ ਪੰਜਾਬ ਦੇ ਕੁਝ ਹੋਰ ਨੇਤਾਵਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਸਿੱਧੂ ਦਾ ਕਹਿਣਾ ਹੈ ਕਿ ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕਾਰਗਰ ਕਦਮ ਨਹੀਂ ਚੁੱਕੇ ਗਏ ਹਨ।
ਉਧਰ ਰਾਹੁਲ ਗਾਂਧੀ ਨੇ ਵੀ ਹਾਲ ਹੀ ਦਿਨਾਂ ਵਿੱਚ ਪੰਜਾਬ ਵਿੱਚ ਕਾਂਗਰਸ ਦੇ ਮਤਭੇਦ ਨੂੰ ਖਤਮ ਕਰਨ ਦੇ ਯਤਨ ਵਜੋਂ ਕਈ ਪਾਰਟੀ ਨੇਤਾਵਾਂ ਨਾਲ ਗੱਲ ਕੀਤੀ ਸੀ। ਪਾਰਟੀ ਦੀ ਤਿੰਨ ਮੈਂਬਰੀ ਕਮੇਟੀ ਨੇ ਵੀ 100 ਤੋਂ ਵੱਧ ਨੇਤਾਵਾਂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਵਿਚਾਰ ਵਟਾਂਦਰੇ ਕੀਤੇ ਸੀ।