ਲੋਕਾਂ ਨੂੰ ਟੀਕਾ ਲਗਾਉਣ ਦੀ ਅਪੀਲ ਕਰਨ ਵਾਲੀ ਕੇਂਦਰ ਸਰਕਾਰ ਦੀ ਕਾਲਰ ਟਿਊਨ ‘ਤੇ ਦਿੱਲੀ ਹਾਈ ਕੋਰਟ ਨੇ ਸਖ਼ਤ ਟਿੱਪਣੀ ਕੀਤੀ ਹੈ। ਹਾਈ ਕੋਰਟ ਨੇ ਕਿਹਾ,”ਸਾਨੂੰ ਨਹੀਂ ਪਤਾ ਕਿੰਨੇ ਦਿਨਾਂ ਤੋਂ ਇਹ ਪਰੇਸ਼ਾਨ ਕਰਨ ਵਾਲਾ ਸੰਦੇਸ਼ ਵੱਜ ਰਿਹਾ ਹੈ ਅਤੇ ਲੋਕਾਂ ਨੂੰ ਟੀਕਾ ਲਗਵਾਉਣ ਨੂੰ ਕਹਿ ਰਿਹਾ ਹੈ, ਜਦੋਂ ਤੁਹਾਡੇ ਕੋਲ ਪੂਰੀ ਵੈਕਸੀਨ ਹੈ ਹੀ ਨਹੀਂ ਫਿਰ ਕਾਲਰ ਟਿਊਨ ‘ਤੇ ਟੀਕਾ ਲਗਵਾਉਣ ਨੂੰ ਕਿਉਂ ਕਹਿ ਰਹੇ ਹੋ। ਜਸਟਿਸ ਵਿਪਨ ਸਿੰਘਾਈ ਅਤੇ ਜਸਟਿਸ ਰੇਖਾ ਪੱਲੀ ਨੇ ਕਿਹਾ ਕਿ ਜਦੋਂ ਵੀ ਕੋਈ ਫੋਨ ਲਗਾਉਂਦਾ ਤਾਂ ਉਸਨੂੰ ਚਿੱੜ ਮਚਾਉਣ ਵਾਲੀ ਟਿਊਨ ਸੁਣਾਈ ਦਿੰਦੀ ਹੈ ਕਿ ਵੈਕਸੀਨ ਲਵਾਓ। ਕੌਣ ਲਵਾਏ ਵੈਕਸੀਨ ਜਦੋਂ ਹੈ ਹੀ ਨਹੀਂ ਤਾਂ ਇਸ ਸੰਦੇਸ਼ ਦਾ ਮਤਲਬ ਕੀ ਹੈ। ਅਦਾਲਤ ਨੇ ਕਿਹਾ ਕਿ ਸਰਕਾਰ ਨੂੰ ਹਮੇਸ਼ਾ ਇਕ ਹੀ ਸੰਦੇਸ਼ ਵਜਾਉਣ ਦੀ ਬਜਾਏ ਹੋਰ ਵੀ ਸੰਦੇਸ਼ ਤਿਆਰ ਕਰਨੇ ਚਾਹੀਦੇ ਹਨ। ਇਹ ਨਹੀਂ ਕਿ ਇੱਕ ਮੈਸੇਜ ਬਣਾਇਆ ਤੇ ਹਮਸ਼ਾ ਉਸੇ ਨੂੰ ਹੀ ਚਲਾਉਂਦੇ ਰਹੋ। ਜਿਵੇਂ ਜਦੋਂ ਤੱਕ ਰਿੱਕ ਟੇਪ ਖਰਾਬ ਨਹੀਂ ਹੋ ਜਾਂਦੀ ਉਹ ਉਦੋਂ ਤੱਕ ਵੱਜਦੀ ਰਹੇ। ਕੀ ਤੁਸੀਂ ਵੀ ਇਸ ਮੈਸੇਜ ਨੂੰ 10 ਸਾਲ ਤੱਕ ਚਲਾਓਗੇ। ਅਦਾਲਤ ਨੇ ਕਿਹਾ,”ਇਸ ਲਈ ਕ੍ਰਿਪਾ ਕੁਝ ਹੋਰ ਡਾਇਲਰ ਸੰਦੇਸ਼ ਤਿਆਰ ਕਰੋ। ਜਦੋਂ ਲੋਕ ਹਰ ਵਾਰ ਵੱਖ-ਵੱਖ ਸੰਦੇਸ਼ ਸੁਣਨਗੇ ਤਾਂ ਸ਼ਾਇਦ ਉਨ੍ਹਾਂ ਦੀ ਮਦਦ ਹੋ ਜਾਵੇਗੀ।”