ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੂਰੇ ਪੰਜਾਬ ‘ਚ ਸੋਗ ਦੀ ਲਹਿਰ ਦੋੜ ਗਈ ਤੇ ਮਾਤਾ-ਪਿਤਾ ਦੇ ਦੁਖ ਦਾ ਤਾਂ ਕੋਈ ਅੰਦਾਜਾ ਹੀ ਨਹੀਂ ਸੀ ਪਰ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਲੋਕਾਂ ‘ਚ ਵਿਚਰਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀ ਇਕ ਵੀਡੀਓ ਦੇਖਣ ਨੂੰ ਮਿਲੀ ਹੈ ਜਿਸ ‘ਚ ਉਹ ਲੋਕਾਂ ਨੂੰ ਸੁਨੇਹਾ ਦਿੰਦੇ ਦਿਖਾਈ ਦੇ ਰਹੇ ਹਨ ਤੇ ਨਾਲ ਹੀ ਉਨ੍ਹਾਂ ਵੱਲੋਂ ਸਰਕਾਰ ਤੇ ਪਿੰਡ ਦੇ ਲੋਕਾਂ ‘ਤੇ ਰੋਸ਼ ਵੀ ਜਾਹਰ ਕੀਤਾ ਜਾ ਰਿਹਾ ਹੈ।
ਆਪਣੇ ਪੁੱਤ ਸ਼ੁਭਦੀਪ ਸਿੰਘ ਸਿੱਧੂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਇਕ ਹੀਰਾ ਗੁਆ ਲਿਆ, ਜਿਸ ਦੀ ਭਰਭਾਈ ਨਹੀਂ ਕੀਤੀ ਜਾ ਸਕਦੀ ਬੱਚੇ ਦੀ ਭਰਭਾਈ ਤਾਂ ਅਸੀਂ ਕਰ ਸਕਦੇ ਹਾਂ ਪਰ ਉਹ ਸ਼ੁਭਦੀਪ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਜੋ ਸਾਨੂੰ ਪਰਿਵਾਰਕ ਘਾਟਾ ਪਿਆ ਹੈ, ਉਹ ਤਾਂ ਚਲੋਂ ਹੁਣ ਇਕ ਵਖਰੀ ਗੱਲ ਹੈ। ਉਸ ਦੀ ਭਰਭਾਈ ਸਾਨੂੰ ਚੰਗੇ ਕੰਮ ਕਰਕੇ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਵੀ ਇਕ ਉਧਮੀ ਨੌਜਵਾਨ ਸੀ ਤੇ ਪਿੰਡ ਦੇ ਚੰਗੇ ਕੰਮਾਂ ਬਾਰੇ ਹਮੇਸ਼ਾ ਹੀ ਸੋਚਦਾ ਰਹਿੰਦਾ ਸੀ।
ਉਨ੍ਹਾਂ ਕਿਹਾ ਕਿ ਸਮਾਂ ਬਹੁਤ ਭਿਆਨਕ ਹੈ ਇਹ ਇਕਲੇ ਸਿੱਧੂ ਦਾ ਕਤਲ ਨਹੀਂ ਹੋਇਆ ਸਗੋਂ ਪਿੰਡ ਤੋਂ ਇਕ ਉਧਮੀ ਨੌਜਵਾਨ ਇਮਾਨਦਾਰ ਲੀਡਰ, ਇਕ ਵੱਖਰੀ ਕਲਮ ਤੇ ਇਕ ਸਿੱਖ ਚਿਹਰਾ ਖੋਹ ਲਿਆ ਗਿਆ। ਉਨ੍ਹਾਂ ਕਿਹਾ ਸਿੱਧੂ ਨੇ ਅਮਰੀਕਾ, ਕੈਨੇਡਾ ਵਰਗੇ ਸ਼ਾਂਤੀ ਪਸੰਧ ਦੇਸ਼ਾਂ ਨੂੰ ਛੱਡ ਆਪਣੇ ਪਿੰਡ ਨੂੰ ਤਰਜੀਹ ਦਿੱਤੀ ਤੇ ਪਿੰਡ ਦੇ ਨਾਂ ਨੂੰ ਦੇਸ਼ਾਂ ਵਿਦੇਸ਼ਾਂ ਤਕ ਪਹੁੰਚਾਇਆ ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਸਾਡਾ ਸਿਸਟਮ ਅਜਿਹੇ ਨੌਜਵਾਨ ਨੂੰ ਸੰਭਾਲ ਨਹੀਂ ਸਕਿਆ।
ਉਨ੍ਹਾਂ ਕਿਹਾ ਕਿ ਮੈਨੂੰ ਓਦੋਂ ਵੀ ਇਨ੍ਹਾਂ ਹੀ ਦੁਖ ਲੱਗਿਆ ਸੀ ਜਦੋਂ ਸੰਦੀਪ ਨੰਗਲ ਅੰਬੀਆਂ ਦਾ ਕਤਲ ਕੀਤਾ ਗਿਆ ਸੀ, ਮੈਨੂੰ ਉਸ ਦਿਨ ਵੀ ਇੰਝ ਹੀ ਲੱਗਾ ਸੀ ਕਿ ਜਿਵੇਂ ਮੇਰਾ ਆਪਣਾ ਪੁੱਤ ਮਰਿਆ ਹੋਵੇ ਅੱਜ ਤਾਂ ਮਰਿਆ ਹੀ ਹੈ। ਉਨ੍ਹਾਂ ਕਿਹਾ ਕਿ ਭਾਵੇ ਇਹ ਸੌਖਾ ਨਹੀਂ ਪਰ ਸਾਨੂੰ ਇਨ੍ਹਾਂ ਸਭ ‘ਚੋਂ ਉਭਰਨਾ ਪਵੇਗਾ ਤੇ ਸਾਨੂੰ ਆਪਣੇ ਨੌਜਵਾਨ ਬਚਾਉਣੇ ਪੈਣਗੇ। ਮੈਨੂੰ ਬੜੇ ਦੁਖ ਨਾਲ ਕਹਿਣਾ ਪੈ ਰਿਹਾ ਹੈ ਹਾਲੇ ਵੀ ਸਿੱਧੂ ਦੇ ਕਾਤਲਾਂ ਨੂੰ ਫੜ੍ਹਿਆ ਨਹੀਂ ਗਿਆ।
ਉਨ੍ਹਾਂ ਕਿਹਾ ਕਿ ਅਸੀਂ ਗਲਤ ਰਾਹ ‘ਤੇ ਨਹੀਂ ਚਲਣਾ ਭਾਂਵੇ ਸਾਨੂੰ ਜਿਹੜਾ ਮਰਜ਼ੀ ਲਾਲਚ ਦਿੱਤਾ ਜਾਵੇ, ਲਾਲਚ ‘ਚ ਨਾ ਆਇਓ। ਉਨ੍ਹਾਂ ਕਿਹਾ ਕਿੰਨੇ ਦੁਖ ਦੀ ਗੱਲ ਹੈ ਕਿ ਸਿੱਧੂ ਦੇ ਕਾਤਲ ਸਾਡੇ ਆਲੇ ਦੁਆਲੇ ਹੀ ਰਹਿੰਦੇ ਰਹੇ ਪਰ ਕਿਸੇ ਨੇ ਮੈਨੂੰ ਸੁਹ ਤੱਕ ਨਹੀਂ ਦਿੱਤੀ ਕਿ ਤੇਰੇ ਪੁੱਤ ਨੂੰ ਮਾਰਨ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੰਟੈਲੀਜੈਂਸ ਵੱਲੋਂ ਵੀ ਅਜਿਹੀ ਕੋਈ ਸੁਹ ਨਹੀਂ ਦਿੱਤੀ ਗਈ। ਜਿਸ ਕਾਰਨ ਅਸੀਂ ਅਜਿਹਾ ਹੀਰਾ ਗੁਆ ਬੈਠੇ, ਜਿਸ ਨੇ ਵਿਸ਼ਵ ਪੱਧਰ ‘ਤੇ ਪੰਜਾਬ ਦੇ ਇਕ ਨਿੱਕੇ ਜਿਹੇ ਪਿੰਡ ਮੂਸੇਵਾਲਾ ਨੂੰ ਮਸ਼ਹੂਰ ਕੀਤਾ। ਉਨ੍ਹਾਂ ਕਿਹਾ ਕਿ ਬੜ੍ਹੀ ਦੁੱਖ ਦੀ ਗੱਲ ਹੈ ਕਿ ਟਿੱਬਿਆ ਦਾ ਪੁੱਤ ਅੱਜ ਟਿੱਬਿਆ ‘ਚ ਹੀ ਸਮਾ ਗਿਆ। ਉਨ੍ਹਾਂ ਕਿਹਾ ਨੌਜਵਾਨਾਂ ਨੂੰ ਪੜ੍ਹਾਈ, ਸਿਹਤ ਤੇ ਚੰਗੀ ਸੌਚ ਦੇਣ ਦੀ ਲੋੜ ਹੈ।
ਇਸਦੇ ਨਾਲ ਹੀ ਉਨ੍ਹਾਂ ਪ੍ਰਦੂਸ਼ਨ ਨੂੰ ਰੋਕਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ।