ਵਿਜੀਲੈਂਸ ਬਿਊਰੋ ਵਲੋਂ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਓਐੱਸਡੀ ਰਹੇ ਚਮਕੌਰ ਸਿੰਘ ਤੋਂ ਕੀਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ।ਵਿਜੀਲੈਂਸ ਸੂਤਰਾਂ ਅਨੁਸਾਰ ਮੁਹਾਲੀ,ਰੋਪੜ, ਨਵਾਂ ਸ਼ਹਿਰ,ਹੁਸ਼ਿਆਰਪੁਰ ਅਤੇ ਪਠਾਨਕੋਟ ਜ਼ਿਲ੍ਹੇ ‘ਚ ਜ਼ਿਲ੍ਹਾ ਜੰਗਲਾਤ ਅਫ਼ਸਰ ਵਜੋਂ ਤਾਇਨਾਤੀ ਲਈ ਖੁੱਲ੍ਹੀ ਬੋਲੀ ਲੱਗਦੀ ਸੀ, ਜਿਸ ‘ਚ ਪ੍ਰਤੀ ਤਾਇਨਾਤੀ 10 ਤੋਂ 20 ਲੱਖ ਰੁਪਏ ਤੱਕ ਵਸੂਲੇ ਜਾਂਦੇ ਸਨ।
ਸੂਤਰਾਂ ਅਨੁਸਾਰ ਮਾਲਵੇ ਦੇ ਜ਼ਿਲਿ੍ਹਆਂ ‘ਚ ਤਾਇਨਾਤੀ ਲਈ ਪੰਜ ਤੋਂ 7 ਲੱਖ ਰੁਪਏ ਵਸੂਲੇ ਜਾਂਦੇ ਸਨ।ਵਿਜੀਲੈਂਸ ਕੋਲ ਕਬੂਲ ਕੀਤਾ ਗਿਆ ਹੈ ਕਿ ਤਾਇਨਾਤੀਆਂ ਅਤੇ ਬਦਲੀਆਂ ਤੋ ਕਰੀਬ ਤਿੰਨ ਤੋਂ ਚਾਰ ਕਰੋੜ ਰੁਪਏ ਕਮਾਏ ਗਏ ਸਨ।ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵਿਜੀਲੈਂਸ ਨੂੰ ਅਜੇ ਤੱਕ ਕੋਈ ਹੱਥ ਪੱਲਾ ਨਹੀਂ ਫੜਾ ਰਹੇ ਹਨ ਜਦੋਂ ਕਿ ਉਨ੍ਹਾਂ ਦੇ ਓਐੱਸਡੀ ਚਮਕੌਰ ਸਿੰਘ ਨੇ ਭੇਤ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ।
ਵਿਜੀਲੈਂਸ ਨੇ ਸੰਪਤੀ ਦੀ ਜਾਂਚ ਲਈ ਸਾਬਕਾ ਮੰਤਰੀ ਧਰਮਸੋਤ ਦੇ ਬੱਚਿਆਂ ਦੇ ਨਾਮ ‘ਤੇ ਦਰਜ ਸੰਪਤੀ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ।ਵਿਜੀਲੈਂਸ ਨੂੰ ਸੂਹ ਮਿਲੀ ਹੈ ਕਿ ਫ਼ਤਿਹਗੜ੍ਹ ਸਾਹਿਬ ਤੇ ਪਟਿਆਲਾ ਜ਼ਿਲ੍ਹੇ ‘ਚ ਦੋ ਕੋਠੀਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ‘ਚ ਵੀ ਜਾਇਦਾਦ ਬਣਾਈ ਗਈ ਹੈ।
ਵਿਜੀਲੈਂਸ ਬਿਊਰੋ ਨੇ ਅੱਜ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮੁਹਾਲੀ ਦੀ ਅਦਾਲਤ ‘ਚੋਂ ਜ਼ਿਲ੍ਹਾ ਜੰਗਲਾਤ ਅਫ਼ਸਰ ਮੁਹਾਲੀ ਰਹੇ ਗੁਰਅਮਨਪ੍ਰੀਤ ਸਿੰਘ ਅਤੇ ਜੰਗਲਾਤ ਦੇ ਠੇਕੇਦਾਰ ਹਰਮੋਹਿੰਦਰ ਸਿੰਘ ਹਮੀ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਲਿਆ ਹੈ।