ਸਿੱਖ ਇਤਿਹਾਸ ਵਿਚ ਪਹਿਲੀ ਵੈਸਾਖ 1756 ਸੰਮਤ, ਦਿਨ ਵੀਰਵਾਰ, 30 ਮਾਰਚ, 1699 ਦਾ ਦਿਨ ਸੁਨਹਿਰੀ ਅੱਖਰਾਂ ਵਿਚ ਦਰਜ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੇ ਕਿਲ੍ਹਾ ਕੇਸਗੜ੍ਹ ਵਿਚ ਖਾਲਸਾ ਪੰਥ ਦੀ ਸਾਜਨਾ ਕੀਤੀ। ਭਰੇ ਪੰਡਾਲ ਵਿਚੋਂ ਪੰਜ ਪਿਆਰੇ ਚੁਣ ਕੇ ‘ਖੰਡੇ ਦੀ ਪਾਹੁਲ’ ਛਕਾ ਕੇ ਉਨ੍ਹਾਂ ਨੂੰ ਸਿੰਘ (ਸ਼ੇਰ) ਦਾ ਖਿਤਾਬ ਪ੍ਰਦਾਨ ਕੀਤਾ। ਸਿੱਖਾਂ ਨੂੰ ਇਕ ਖਾਸ ਬਾਣਾ ਪਹਿਨਾ ਕੇ ਸਾਰੀ ਦੁਨੀਆਂ ਦੇ ਧਰਮਾਂ ਵਿਚੋਂ ਨਿਆਰੀ ਪਹਿਚਾਣ ਪ੍ਰਦਾਨ ਕੀਤੀ।
ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ (1469-1539 ਈ.) ਤੋਂ ਲੈ ਕੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ (1666-1708 ਈ) ਤੱਕ ਲਗਪਗ ਦੋ ਸਦੀਆਂ ਦੇ ਅਰਸੇ ਦੌਰਾਨ ਮੁਗਲਾਂ ਦੇ ਜਬਰ-ਜ਼ੁਲਮ, ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਗੁਰੂ ਸਾਹਿਬਾਨ ਨੇ ਆਵਾਜ਼ ਬੁਲੰਦ ਕੀਤੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ (1606) ਤੋਂ ਬਾਅਦ ਇਹ ਵਿਦਰੋਹ ਨਵਾਂ ਰੂਪ ਧਾਰਨ ਕਰ ਗਿਆ। ਇਸ ਸ਼ਹਾਦਤ ਤੋਂ ਬਾਅਦ ਧਰਮ ਬਚਾਉਣ ਲਈ ਸ਼ਸ਼ਤਰਾਂ ਦੀ ਹੋਂਦ ਦੀ ਜ਼ਰੂਰਤ ਮਹਿਸੂਸ ਹੋਈ। ਧਰਮ ਖਾਤਰ ਹੋਈ ਇਸ ਸ਼ਹਾਦਤ ਨੇ ਚੁੱਪ ਬੈਠੀ ਕੌਮ ਦੇ ਧਾਰਮਿਕ ਜਜ਼ਬਿਆਂ ਨੂੰ ਝੰਜੋੜਿਆ ਅਤੇ ਸਿੱਖਾਂ ਵਿਚ ਵਿਰੋਧੀ ਜਜ਼ਬੇ ਦਾ ਜਨਮ ਹੋਇਆ।
ਗੁਰੂ ਹਰਗੋਬਿੰਦ ਸਾਹਿਬ ਨੇ ਹਥਿਆਰਬੰਦ ਘੋਲ ਜਾਂ ਸੰਘਰਸ਼ ਦੀ ਪਰੰਪਰਾ ਦਾ ਮੁੱਢ ਬੰਨ੍ਹਿਆ। ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ ਅਤੇ ਸਿੱਖਾਂ ਨੂੰ ਸਸ਼ਤਰ ਭੇਟ ਲਿਆਉਣ ਦੇ ਹੁਕਮਨਾਮੇ ਵੀ ਭੇਜੇ। ਹਜ਼ਾਰਾਂ ਸਿੱਖਾਂ ਨੇ ਗੁਰੂ ਦੀ ਫੌਜ ਵਿਚ ਸ਼ਾਮਲ ਹੋ ਕੇ ਜੰਗ ਦਾ ਬਿਗਲ ਵਜਾ ਦਿੱਤਾ। ਇਸ ਸੰਘਰਸ਼ ਦਾ ਬੀਜ ਤਾਂ ਗੁਰੂ ਨਾਨਕ ਦੇਵ ਜੀ ਦੁਆਰਾ ਹੀ ਬੀਜਿਆ ਜਾ ਚੁੱਕਾ ਸੀ। ਬਾਬਰ ਦੁਆਰਾ ਹਿੰਦੁਸਤਾਨ ਉੱਤੇ ਕੀਤੇ ਗਏ ਹਮਲਿਆਂ ਵਿਰੁੱਧ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਉਠਾਈ। ਬਾਬਰਬਾਣੀ ਵਿਚ ਲੋਕਾਂ ਉੱਤੇ ਹੋਏ ਜ਼ੁਲਮ, ਕਤਲੇਆਮ ਪ੍ਰਤੀ ਗੁਰੂ ਜੀ ਦੇ ਪ੍ਰਤੀਕਰਮ ਹੁਕਮਰਾਨਾਂ ਦੇ ਵਤੀਰੇ ਵਿਚ ਵਾਪਰਦੀ ਤਬਦੀਲੀ ਦੇ ਪ੍ਰਤੀਕਰਮ ਵਜੋਂ ਗੁਰੂ ਸਾਹਿਬਾਨ ਦੇ ਇਸ ਸੰਘਰਸ਼ ਦਾ ਰੂਪ ਵੀ ਬਦਲਿਆ।
ਹਰ ਧਰਮ ਵਿਚ ਕੁਝ ਅਸੂਲ, ਚਿੰਨ੍ਹ ਨੀਅਤ ਕੀਤੇ ਗਏ ਹਨ। ਮੁਸਲਮਾਨਾਂ ਲਈ ਸੁੰਨਤ ਅਤੇ ਹਿੰਦੂਆਂ ਲਈ ਤਿਲਕ, ਜਨੇਊ, ਚੋਟੀ, ਧੋਤੀ ਪਹਿਨਣੇ ਜ਼ਰੂਰੀ ਹਨ। ਆਦਰਸ਼ਾ ਨੂੰ ਪ੍ਰਗਟਾਉਣ ਲਈ ਕਿਸੇ ਚਿੰਨ੍ਹ ਦਾ ਨੀਅਤ ਹੋਣਾ ਬਹੁਤ ਜ਼ਰੂਰੀ ਹੈ। ਚਿੰਨ੍ਹ ਇਕ ਜਥੇਬੰਦੀ ਨੂੰ ਪ੍ਰਗਟ ਕਰਦੇ ਹਨ। ਸਿੱਖ ਧਰਮ ਵਿਚ ਪੰਜ ਦਾ ਸਿਧਾਂਤ ਮੁੱਢ ਤੋਂ ਚਲਦਾ ਆ ਰਿਹਾ ਹੈ। ਸਾਡਾ ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ ਅਨੁਸਾਰ ਮਨੁੱਖ ਦੀ ਅੰਦਰੂਨੀ, ਸਰੀਰਕ ਤੇ ਰੂਹਾਨੀ ਅਵਸਥਾ ਦੀਆਂ ਪੰਜ ਗਿਆਨ ਇੰਦਰੀਆਂ ਹਨ। ਮਨੁੱਖ ਦੇ ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਹਨ ਜਿਨ੍ਹਾਂ ਨੂੰ ਗੁਰੂ ਜੀ ‘ਪੰਜ ਚੋਰ’ ਕਹਿੰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਿਧਾਂਤ ਅਨੁਸਾਰ ਪੰਜ ਪਿਆਰੇ (ਦਇਆ ਰਾਮ, ਧਰਮ ਦਾਸ, ਹਿੰਮਤ ਰਾਇ, ਮੋਹਕਮ ਚੰਦ, ਸਾਹਿਬ ਚੰਦ) ਚੁਣ ਕੇ ਪੰਜ ਤੱਤਾਂ, ਪਾਣੀ, ਪਤਾਸੇ ਸਰਬ ਲੋਹ ਦਾ ਬਾਟਾ, ਸਰਬ ਲੋਹ ਦਾ ਖੰਡਾ ਅਤੇ ਪੰਜ ਬਾਣੀਆਂ (ਜਪੁਜੀ ਸਾਹਿਬ, ਜਪੁ ਸਾਹਿਬ, ਸੁਧਾ ਸਵੈਯੇ, ਚੌਪਈ, ਅਨੰਦ ਸਾਹਿਬ ਦਾ ਪਾਠ) ਦੇ ਸੁਮੇਲ ਨਾਲ ਅੰਮ੍ਰਿਤ ਤਿਆਰ ਕਰਕੇ ਪੰਜ ਕਰਾਰ (ਕੇਸ, ਕੰਘਾ, ਕੜਾ, ਕ੍ਰਿਪਾਨ ਕਛਹਿਰਾ) ਧਾਰਨ ਕਰਵਾ ਕੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਪੰਜ ਕਕਾਰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ। ਪੰਜ ਕਕਾਰ ਅੰਮ੍ਰਿਤ ਦੇ ਆਦਰਸ਼ਾਂ ਦੇ ਲਖਾਇਕ ਹਨ।
ਕੇਸ:
ਕੇਸ ਸਭ ਤੋਂ ਮਹੱਤਵਪੂਰਨ ਤੇ ਮੁੱਢਲਾ ਚਿੰਨ੍ਹ ਹਨ। ਇਹ ਸਾਬਤ ਸਬੂਤ ਹੋਣ ਦਾ ਪ੍ਰਮਾਣ ਹਨ। ਕੇਸ ਮਨੁੱਖੀ ਸਰੀਰ ਨਾਲ ਜਨਮ ਤੋਂ ਹੀ ਪੈਦਾ ਹੁੰਦੇ ਹਨ ਜੋ ਪ੍ਰਮਾਤਮਾ ਦੇ ਹੁਕਮ ਦਾ ਪ੍ਰਤੀਕ ਹਨ। ਕੇਸ ਕੱਟਣਾ ਪ੍ਰਮਾਤਮਾ ਤੋਂ ਬਾਗੀ ਹੋ ਕੇ ਉਸ ਦੇ ਹੁਕਮ ਦੀ ਉਲੰਘਣਾ ਕਰਨਾ ਹੈ। ਜੀਵ ਰੂਪੀ ਸੁਹਾਗਣ ਦਾ ਖਸਮ ਪ੍ਰਮਾਤਮਾ ਹੈ। ਉਹ ਮਨੁੱਖੀ ਜੀਵ ਜੋ ਕੇਸ ਕਟਵਾਉਂਦਾ ਹੈ ਉਹ ਵਿਧਵਾ ਜਾਂ ਵੇਸਵਾ ਦੇ ਸਮਾਨ ਹੈ। ਕੇਸਾਂ ਤੋਂ ਪਤਾ ਚਲਦਾ ਹੈ ਕਿ ਸਿੱਖਾਂ ਦੀਆਂ ਜਟਾਂ ਨਹੀਂ ਹਨ।ਪੰਜ ਕਕਾਰਾਂ ਵਿਚੋਂ ਕੇਸਾਂ ਨੂੰ ਛੱਡ ਕੇ ਜੋ ਬਾਕੀਆਂ ਵਿਚੋਂ ਕੋਈ ਗੁੰਮ ਹੋ ਜਾਵੇ ਤਾਂ ਇਸ ਨੂੰ ਕੁਰਹਿਤ ਮੰਨਿਆ ਜਾਂਦਾ ਹੈ ਪਰ ਕੇਸ ਕਟਵਾਉਣ ਵਾਲੇ ਨੂੰ ਪਤਿਤ ਕਰਾਰ ਦਿੱਤਾ ਜਾਂਦਾ ਹੈ
ਕਿਰਪਾਨ:
ਇਹ ਸਵੈ-ਅਭਿਆਨ, ਨਿਡਰਤਾ, ਆਜ਼ਾਦੀ ਅਤੇ ਸ਼ਕਤੀ ਦਾ ਪ੍ਰਤੀਕ ਹੈ। ਕ੍ਰਿਪਾਨ ਦਾ ਅਰਥ: ਕ੍ਰਿਪਾ+ਆਨ, ਅਰਥਾਤ ਮਿਹਰ ਅਤੇ ਇੱਜ਼ਤ ਭਾਵ ਕ੍ਰਿਪਾ ਕਰਨ ਵਾਲੀ। ਇਹ ਨੇਕੀ ਤੇ ਬਦੀ ਦੇ ਸੰਘਰਸ਼ ਵਿਚ ਬਦੀ ਦੇ ਖਾਤਮੇ ਤੇ ਮਜ਼ਲੂਮ ਦੀ ਰੱਖਿਆ ਕਰਨ ਲਈ ਵਚਨਬੱਧ ਹੈ ਅਤੇ ਆਤਮਿਕ ਆਜ਼ਾਦੀ ਦਾ ਪ੍ਰਤੀਕ ਹੈ। ਕ੍ਰਿਪਾਨ ਸਿੱਖ ਦੁਆਰਾ ਧਾਰਨ ਉਸ ਪ੍ਰਣ ਦਾ ਚਿੰਨ੍ਹ ਹੈ ਜਿਸ ਅਨੁਸਾਰ ਉਸ ਨੇ ਪ੍ਰਮਾਤਮਾ ਦੁਆਰਾ ਦਿੱਤੀਆਂ ਬਖਸ਼ਿਸ਼ਾਂ, ਦਾਤਾਂ ਨੂੰ ਮਾਣਦਿਆਂ ਹੋਇਆਂ ‘ਅਨਿਆਂ’ ਦੁਸ਼ਟਤਾ ਦਾ ਦਮਨ ਕਰਕੇ ਮਜ਼ਲੂਮ ਲੋਕਾਂ, ਸੱਚਾਈ ਤੇ ਨਿਆਂ ਦੀ ਰੱਖਿਆ ਕਰਨੀ ਹੈ। ‘ਦੇਗ ਤੇਗ ਫਤਹਿ’ ਦਾ ਉਦੇਸ਼ ਭਗਤੀ+ ਸ਼ਕਤੀ, ਰਾਜ+ਜੋਗ, ਗਿਆਨ+ਕਰਮ, ਮੀਰੀ+ਪੀਰੀ ਦੀ ਏਕਤਾ ਰਾਹੀਂ ਸੰਤ ਸਿਪਾਹੀ ਦੁਆਰਾ ਹੀ ਸੰਪੂਰਨ ਹੋ ਸਕਦਾ ਹੈ।
ਕੜਾ:
ਕੜਾ ਅੱਖਰ ਦਾ ਭਾਵ ਹੈ-ਤਕੜਾ ਜਾਂ ਮਜ਼ਬੂਤ। ਇਹ ਗੁਰੂ ਵੱਲੋਂ ਮਿਲੀ ਪ੍ਰੇਮ ਨਿਸ਼ਾਨੀ ਹੈ ਜੋ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਨ ਦਾ ਪ੍ਰਤੀਕ ਹੈ। ਇਹ ਮਨੁੱਖੀ ਜੀਵ ਦਾ ਪ੍ਰਮਾਤਮਾ ਪ੍ਰਤੀ ਸਿਦਕਮਈ ਪ੍ਰੀਤ ਨੂੰ ਪ੍ਰਗਟਾਉਂਦਾ ਹੈ। ਇਕ ਵਿਦਵਾਨ ਅਨੁਸਾਰ ਕੜਾ ਗੁਰਸਿੱਖ ਦੁਆਰਾ ਕੀਤੀ ਜਾਣ ਵਾਲੀ ਕਿਰਤ ਨੂੰ ਅਨੁਸ਼ਾਸਨ ਵਿਚ ਰੱਖ ਕੇ ਮਜ਼ਬੂਤੀ ਪ੍ਰਦਾਨ ਕਰਦਾ ਹੈ। ਕੜੇ ਦੇ ਅਰਥ, ਜੰਗ ਦੇ ਮੈਦਾਨ ਵਿਚ ਵਾਰ ਨੂੰ ਰੋਕਣ ਵਾਲੇ ਰੱਖਿਅਕ ਦੇ ਰੂਪ ਵਿਚ ਵੀ ਲਏ ਜਾਂਦੇ ਹਨ। ਹਰ ਸਿੱਖ ਅੰਮ੍ਰਿਤਪਾਨ ਚਾਹੇ ਨਾ ਕਰੇ ਪਰ ਉਸ ਦੇ ਹੱਥ ਵਿਚ ਕੜ੍ਹਾ ਪਹਿਨਿਆ ਹੋਇਆ ਜ਼ਰੂਰ ਨਜ਼ਰ ਪੈਂਦਾ ਹੈ।
ਕਛਹਿਰਾ:
ਕਛਹਿਰਾ ਜਤ ਦੀ ਨਿਸ਼ਾਨੀ ਹੈ। ਇਹ ਮਨੁੱਖੀ ਕਾਮਨਾਵਾਂ, ਲਾਲਸਾਵਾਂ, ਕਾਮ ਵਰਗੇ ਵਿਕਾਰਾਂ ਨੂੰ ਸਹਿਜਤਾ ਦੇ ਸੰਜਮਤਾ ਵਿਚ ਰੱਖਣ ਦਾ ਪ੍ਰਤੀਕ ਹੈ।
ਕੰਘਾ
ਇਹ ਤਨ ਅਤੇ ਮਨ ਦੀ ਸਫਾਈ ਦਾ ਚਿੰਨ੍ਹ ਹੈ। ਗੁਰਸਿੱਖ ਆਤਮਿਕ ਅਤੇ ਸਰੀਰਕ ਸਫਾਈ ਨੂੰ ਇੱਕ ਸਮਾਨ ਮਹੱਤਤਾ ਦਿੰਦਾ ਹੈ।
ਪੰਜ ਕਕਾਰਾਂ ਦੀ ਰਹਿਤ ਸਿਰਫ ਚਿੰਨ੍ਹਾਤਮਕ ਰੂਪ ਵਿਚ ਸਦਾ ਜੁੜੇ ਰਹਿਣਾ ਖਾਲਸੇ ਦਾ ਉਦੇਸ਼ ਨਹੀਂ ਹੈ, ਸਗੋਂ ਇਹ ਸਿੱਖ ਦੀ ਜੀਵਨ ਜੁਗਤ ਹਨ ਜਿਸ ਨੂੰ ਅਮਲੀ ਰੂਪ ਵਿਚ ਗ੍ਰਹਿਣ ਕਰਨਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਹੀ ਫੁਰਮਾਇਆ ਹੈ: ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ