ਯੂਕਰੇਨ ‘ਚ ਰੂਸੀ ਫੌਜ ਦੀ ਕਾਰਵਾਈ ਨੇ ਮਨੁੱਖਤਾ ‘ਤੇ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਇਸ ਦੌਰਾਨ ਯੂਕਰੇਨ ਵਿੱਚ ਕਈ ਭਾਰਤੀ ਵਿਦਿਆਰਥੀ ਫਸੇ ਗਏ ਹਨ ਅਤੇ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ ਪਰ ਉਥੇ ਹੀ ਉਨ੍ਹਾਂ ਵਿਚੋਂ ਇਕ ਭਾਰਤੀ ਵਿਦਿਆਰਥਣ ਅਜਿਹੀ ਵੀ ਹੈ ਜੋ ਡਰ ਅਤੇ ਜਾਨ ਦੇ ਖ਼ਤਰੇ ਵਿਚਾਲੇ ਵੀ ਮਨੁੱਖਤਾ ਦਾ ਸਾਥ ਨਹੀਂ ਛੱਡਣਾ ਚਾਹੁੰਦੀ। ਜੰਗ ਵਿਚਾਲੇ ਫਸੀ ਹਰਿਆਣਾ ਦੀ ਇੱਕ ਮੈਡੀਕਲ ਵਿਦਿਆਰਥਣ ਨੇ ਹੋਰਾਂ ਵਿਦਿਆਰਥੀਆਂ ਵਾਂਗ ਘਰ ਪਰਤਣ ਦਾ ਮੌਕਾ ਮਿਲਣ ਦੇ ਬਾਵਜੂਦ ਯੂਕਰੇਨ ਛੱਡਣ ਤੋਂ ਇਨਕਾਰ ਕਰ ਦਿੱਤਾ।
ਭਾਰਤੀ ਵਿਦਿਆਰਥਣ ਯੂਕਰੇਨ ਵਿੱਚ ਇੱਕ ਮਕਾਨ ਵਿੱਚ ਕਿਰਾਏ ‘ਤੇ ਰਹਿੰਦੀ ਹੈ। ਉਸ ਦੇ ਮਕਾਨ ਮਾਲਕ ਨੇ ਆਪਣੇ ਦੇਸ਼ ਦੀ ਰੱਖਿਆ ਲਈ ਯੂਕਰੇਨੀ ਫੌਜ ਨਾਲ ਹਥਿਆਰ ਚੁੱਕਣ ਦਾ ਫੈਸਲਾ ਕੀਤਾ ਹੈ ਪਰ ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚਿਆਂ ਸਮੇਤ ਇੱਕ ਪਰਿਵਾਰ ਛੱਡ ਗਿਆ ਹੈ। ਹੁਣ ਭਾਰਤ ਦੀ ਇਸ ਧੀ ਨੇ ਆਪਣੇ ਮਕਾਨ ਮਾਲਕ ਦੇ ਪਰਿਵਾਰ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਲੈ ਲਈ ਹੈ। ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੀ ਇਕ ਅਧਿਆਪਕਾ ਨੇ ਦੱਸਿਆ ਕਿ ਭਾਰਤ ਤੋਂ ਆਈ ਮੈਡੀਕਲ ਦੀ ਵਿਦਿਆਰਥਣ ਨੇਹਾ ਨੇ ਆਪਣੀ ਮਾਂ ਨੂੰ ਕਿਹਾ, ’ਮੈਂ’ਤੁਸੀਂ ਜਿਉਂਦੀ ਰਹਾਂ ਜਾਂ ਨਾ ਪਰ ਮੈਂ ਇਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੀ ਮਾਂ ਨੂੰ ਇਸ ਹਾਲਤ ‘ਚ ਨਹੀਂ ਛੱਡਾਂਗੀ’।
ਨੇਹਾ ਦੇ ਪਿਤਾ ਭਾਰਤੀ ਫੌਜ ਵਿੱਚ ਸਨ। ਉਸ ਨੇ ਦੋ ਸਾਲ ਪਹਿਲਾਂ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ। ਪਿਛਲੇ ਸਾਲ ਨੇਹਾ ਨੇ ਯੂਕਰੇਨ ‘ਚ ਮੈਡੀਕਲ ਦੀ ਪੜ੍ਹਾਈ ਲਈ ਦਾਖਲਾ ਲਿਆ ਸੀ। ਇਸ ਸਮੇਂ 17 ਸਾਲ ਦੀ ਨੇਹਾ ਆਪਣੇ ਮਕਾਨ ਮਾਲਕ ਦੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਬੰਕਰ ਵਿੱਚ ਲੁਕੀ ਹੋਈ ਹੈ। ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਨੇਹਾ ਨੇ ਆਪਣੇ ਦੋਸਤ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਸਾਨੂੰ ਲਗਾਤਾਰ ਬਾਹਰ ਧਮਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ ਪਰ ਹੁਣ ਤੱਕ ਅਸੀਂ ਠੀਕ ਹਾਂ।