ਪਟਿਆਲਾ ਵਿਚ ਅੱਜ ਦੋ ਧਿਰਾਂ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ ਪ੍ਰਸ਼ਾਸਨ ਵਲੋਂ ਪਟਿਆਲਾ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ। ਇਹ ਕਰਫਿਊ ਅੱਜ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਜਾਰੀ ਰਹੇਗਾ। ਸ਼ਹਿਰ ਵਿਚ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਮੈਜਸਿਟ੍ਰੇਟ ਵਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਸਰਕਾਰ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਕਰਫਿਊ ਵਿਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਹੈ। ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਡੀ. ਜੀ. ਪੀ. ਨਾਲ ਗੱਲਬਾਤ ਕਰਕੇ ਇਸ ਸਾਰੇ ਮਾਮਲੇ ’ਤੇ ਤਿੱਖੀ ਨਜ਼ਰ ਰੱਖਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਸਾਫ ਆਖਿਆ ਹੈ ਕਿ ਕਿਸੇ ਨੂੰ ਸੂਬੇ ਵਿਚ ਗੜਬੜੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਸਭ ਤੋਂ ਮਹੱਤਵਪੂਰਣ ਹੈ।
ਦੱਸ ਦੇਈਏ ਕਿ ਸ਼ਿਵ ਸੈਨਾ ਬਾਲ ਠਾਕਰੇ ਦੇ ਹਰੀਸ਼ ਸਿੰਗਲਾ ਵੱਲੋਂ ਅੱਜ ਖਾਲਿਸਤਾਨੀ ਵਿਰੋਧੀ ਮਾਰਚ ਕੱਢੇ ਜਾਣ ਦਾ ਐਲਾਨ ਕੀਤਾ ਗਿਆ ਸੀ। ਜਿਸ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। ਇਸ ਨੂੰ ਲੈ ਕੇ ਸ਼ਹਿਰ ਵਿਚ ਸਥਿਤੀ ਤਣਾਅ ਪੈਦਾ ਹੋ ਗਿਆ। ਜਿਸ ਤੋਂ ਬਾਅਦ ਦੋਵੇਂ ਹਿੰਦੂ-ਸਿੱਖ ਜਥੇਬੰਦੀਆਂ ਆਹਮੋ-ਸਾਹਮਣੇ ਹੋ ਗਈਆਂ ਅਤੇ ਦੋਵਾਂ ਵਲੋਂ ਇਕ ਦੂਜੇ ’ਤੇ ਪਥਰਾਅ ਕੀਤਾ ਗਿਆ। ਪੁਲਸ ਵਲੋਂ ਸਿੱਖ ਜਥੇਬੰਦੀਆਂ ਨੂੰ ਮਾਲ ਰੋਡ ਅਤੇ ਹਿੰਦੂ ਜਥੇਬੰਦੀਆਂ ਨੂੰ ਕਾਲੀ ਮਾਤਾ ਮੰਦਰ ਸਾਹਮਣੇ ਰੋਕ ਲਿਆ ਗਿਆ। ਇਸ ਦੌਰਾਨ ਮਾਹੌਲ ਹੋਰ ਵਿਗੜਦਾ ਦੇਖ ਪ੍ਰਦਰਸ਼ਨਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਸ ਵਲੋਂ ਹਵਾਈ ਫਾਇਰ ਵੀ ਕੀਤੇ ਗਏ।