ਪ੍ਰਭਜਿੰਦਰ ਸਿੰਘ ਬਰਾੜ ਉਰਫ਼ “ਡਿੰਪੀ ਚੰਦਭਾਨ” ਜ਼ਿਲ੍ਹਾ ਫਰੀਦਕੋਟ ਦੇ ਪਿੰਡ ਚੰਦਭਾਨ (ਜੈਤੋ ਮੰਡੀ) ‘ਚ ਤਕੜੇ ਜਿੰਮੀਦਾਰ ਬਰਾੜਾਂ ਦੇ ਘਰ ਜੰਮਿਆ ਸੀ। ਜੱਦੀ-ਪੁਸ਼ਤੀ ਜ਼ਮੀਨ ਦਾ ਇਕਲੌਤਾ ਵਾਰਸ ਸੀ। ਜਾਣਕਾਰੀ ਅਨੁਸਾਰ ਓਹ ਗਰੀਬਾਂ ਲਈ ਮਸੀਹਾ ਬਣ ਕੇ ਵਿੱਚਰਦਾ ਸੀ ਪਰ ਚੜ੍ਹਦੀ ਜਵਾਨੀ ਵੇਲੇ ਹੀ ਉਸਦਾ ਨਾਂਅ ਗੈਂਗਸਟਰਾਂ ‘ਚ ਆਉਣ ਲੱਗ ਗਿਆ ਸੀ।
ਗੈਂਗਸਟਰ ਵੀ ਉਹ ਜਿਸਦਾ ਨਾਂਅ ਪੰਜਾਬ ਤੋਂ ਇਲਾਵਾ ਯੂ.ਪੀ. ਅਤੇ ਹਰਿਆਣੇ ‘ਚ ਵੀ ਬੋਲਦਾ ਸੀ। ਉਸ ਦੀ ਉੱਠਣੀ-ਬੈਠਣੀ ਹਰਿਆਣੇ ‘ਚ ਉਸ ਵੇਲੇ ਰਾਜ ਕਰ ਰਹੇ ਚੌਟਾਲਿਆਂ ਨਾਲ, ਯੂ.ਪੀ ਦੀ ਮੁੱਖ-ਮੰਤਰੀ ਮਾਇਆਵਤੀ ਨਾਲ, ਬਿਹਾਰ ਦੇ ਮੁੱਖ ਮੰਤਰੀ ਲਾਲੂ ਪ੍ਸਾਦ ਯਾਦਵ ਨਾਲ ਹੀ ਨਹੀਂ ਬਲਕਿ ਸੋਨੀਆ ਗਾਂਧੀ ਦੇ ਜਵਾਈ ਰੋਬਰਟ ਵਾਡਰਾ ਨਾਲ ਵੀ ਸੀ।
ਪੰਜਾਬ ਦੇ ਗੈਂਗਸਟਰਾਂ ਦੀ ਪਹਿਲੀ ਪੀੜੀ ‘ਚੋਂ ਇੱਕ ਡਿੰਪੀ ਚੰਦਭਾਨ ਨੇ ਰੌਕੀ ਫਾਜ਼ਿਲਕਾ ਨੂੰ ਤਿਆਰ ਕੀਤਾ ਸੀ ਤੇ ਰੌਕੀ ਨੇ ਅੱਗਿਓਂ ਸ਼ੇਰਾ ਖੁੱਬਣ ਤਰਾਸ਼ਿਆ ਸੀ। ਡਿੰਪੀ ਤੇ ਸ਼ੇਰਾ ਦੋਵੇਂ ਵਿਊਂਤਬਧ ਤਰੀਕੇ ਨਾਲ ਮਾਰੇ ਗਏ ਸਨ (ਡਿੰਪੀ ਦਾ ਕਤਲ ਤੇ ਸ਼ੇਰੇ ਦਾ ਪੁਲਿਸ ਮੁਕਾਬਲਾ), ਦੋਵਾਂ ਦੀ ਮੌਤ ਦਾ ਦੋਸ਼ ਰੌਕੀ ਫਾਜ਼ਿਲਕਾ ਸਿਰ ਪਿਆ ਸੀ। ਬਾਅਦ ਚ ਰੌਕੀ ਫਾਜ਼ਿਲਕਾ ਨੂੰ ਸ਼ੇਰਾ ਖੁੱਬਣ ਦੇ ਸਾਥੀਆਂ ਜੈਪਾਲ ਭੁੱਲਰ ਹੁਰਾ ਨੇ ਮਾਰ ਘੱਤਿਆ ਸੀ। ਰੌਕੀ ‘ਤੇ 22 ਕੇਸ ਸਨ (12 ‘ਚੋਂ ਬਰੀ ਦਸ ਚੱਲ ਰਹੇ ਸਨ) ,ਫੇਰ ਵੀ ਉਸ ਨੂੰ ਫਾਜ਼ਿਲਕਾ ਦੇ ਤਤਕਾਲੀਨ ਐਸ.ਐਸ.ਪੀ. ਨੇ ਡੀ.ਐਸ.ਪੀ. ਦੀ ਰਿਪੋਰਟ ਦੇ ਵਿਰੁਧ ਜਾ ਕੇ ਗੰਨਮੈਨ ਦਿਵਾਏ ਸਨ। ਰੌਕੀ ਸੁਰਜੀਤ ਕੁਮਾਰ ਜਿਆਨੀ ਖਿਲਾਫ਼ ਕਾਂਟੇ ਦੇ ਮੁਕਾਬਲੇ ਦੀ ਚੋਣ ਵੀ ਲੜ ਚੁੱਕਾ ਸੀ।
ਡਿੰਪੀ ਚੰਦਭਾਨ ਦੀ ਚੜ੍ਹਾਈ ਦਾ ਇੱਕ ਕਿੱਸਾ ਇਹ ਹੈ ਕਿ ਜਦੋਂ ਡਿੰਪੀ ਆਪਣੇ ਘਰ ਹੁੰਦਾ ਸੀ ਤਾਂ ਉਸਦੇ ਘਰ ਦੇ ਬਾਹਰ ਫ਼ਰਿਆਦ ਲੈ ਕੇ ਆਉਣ ਵਾਲ਼ਿਆਂ ਦੀ ਕਤਾਰ ਲੱਗ ਜਾਂਦੀ ਸੀ। ਉਹ ਬਿਨਾਂ ਕੋਈ ਸਰਕਾਰੀ ਅਹੁਦਾ ਹੁੰਦੇ ਹੋਏ ਵੀ ਲੋਕਾਂ ਦੇ ਫ਼ੋਨ ‘ਤੇ ਹੀ ਕੰਮ ਕਰਾ ਦਿੰਦਾ ਸੀ। ਆਮ ਲੋਕਾਂ ਦੇ ਇਸ ਤਰਾਂ ਕੰਮ ਆਉਣ ਕਰਕੇ ਡਿੰਪੀ ਦੀ ਮਾਲਵੇ ਦੇ ਇਲਾਕੇ ‘ਚ ਪੂਰੀ ਭੱਲ (ਚੜਤ) ਸੀ।
ਇਹੀ ਕਾਰਨ ਸੀ ਕਿ ਉਹ ਅਖੀਰੀ ਵਾਰ ਜਦੋਂ ਜੇਲ੍ਹ ਤੋਂ ਰਿਹਾਅ ਹੋ ਕੇ ਆਇਆ ਤਾਂ ਉਸ ਦੇ ਨਾਲ 500 ਕਾਰਾਂ ਦਾ ਕਾਫ਼ਲਾ ਸੀ। ਇਸ ਤੋਂ ਪਹਿਲਾਂ ਸਾਲ 1991 ਦੀ ਵਿਧਾਨ ਸਭਾ ਚੋਣ ਉਹ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਵੱਲੋਂ ਕੋਟਕਪੁਰੇ ਤੋਂ ਲੜ ਰਿਹਾ ਸੀ। ਇਹ ਚੋਣਾਂ ਐਨ ਮੌਕੇ ‘ਤੇ ਆ ਕੇ ਰੱਦ ਹੋ ਗਈਆਂ। ਉਹਨਾਂ ਦਿਨਾਂ ‘ਚ ਡਿੰਪੀ ਦੀ ਇੰਨੀ ਤੂਤੀ ਬੋਲਦੀ ਸੀ ਕਿ ਜੇਕਰ ਚੋਣ ਹੋ ਜਾਂਦੀ ਤਾਂ ਉਹ ਜਿੱਤ ਕੇ ਵਿਧਾਇਕ ਤਾਂ ਪੱਕਾ ਤੇ ਸ਼ਾਇਦ ਮੰਤਰੀ ਵੀ ਬਣ ਜਾਂਦਾ। ਡਿੰਪੀ ਸ. ਸਿਮਰਨਜੀਤ ਸਿੰਘ ਮਾਨ ਨਾਲ ਕਈ ਸਾਲ ਰਿਹਾ। ਉਹ ਸ. ਮਾਨ ਦੀ ਰਿਸ਼ਤੇਦਾਰੀ ‘ਚੋਂ ਭਤੀਜਾ ਲੱਗਦਾ ਸੀ।
ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ‘ਚ ਉਸ ਨੂੰ ਟਿਕਟ ਦੇਣ ਲਈ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਪਾਰਟੀਆਂ ਉਸ ਦੀਆਂ ਮਿੰਨਤਾਂ ਕਰ ਰਹੀਆਂ ਸਨ। ਹਰ ਵੇਲੇ ਆਪਣੇ ਨਾਲ ਘੱਟੋ-ਘੱਟ 20 ਜਣਿਆਂ ਦੀ ਫੌਜ ਲੈ ਕੇ ਚੱਲਣ ਵਾਲਾ ਡਿੰਪੀ ਬਰਾੜ 7 ਜੁਲਾਈ 2006 ਦੀ ਸ਼ਾਮ ਨੂੰ ਆਪਣੇ ਮਿੱਤਰਾਂ ਨਾਲ ਸੁਖ਼ਨਾ ਝੀਲ ‘ਤੇ ਡਿਨਰ ਕਰਨ ਪਹੁੰਚਿਆ ਸੀ। ਊਸ ਨੂੰ ਜਾਣ ਬੁੱਝ ਕੇ ਇਕ ਪੁਰਾਣੀ ਮਹਿਲਾ ਮਿੱਤਰ ਨੇ ਹੋਟਲ ਚੋਂ ਬਾਹਰ ਆਪਣੀ ਕਾਰ ਵਿੱਚ ਬੁਲਾਇਆ।
ਜਿੱਥੇ ਮੋਟਰ-ਸਾਈਕਲ ਸਵਾਰ ਵਿਅਕਤੀਆਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਡਿੰਪੀ ਦੇ ਕਤਲ ‘ਚ ਰੌਕੀ ਫਾਜ਼ਿਲਕਾ ‘ਤੇ ਦੋਸ਼ ਸਾਬਤ ਹੋਏ ਪਰ ਉਸ ਦਾ ਕਤਲ ਕਰਵਾਉਣ ਵਾਲਾ ਕੌਣ ਸੀ ਇਸ ਦਾ ਕਦੇ ਪਤਾ ਹੀ ਨਹੀਂ ਲੱਗ ਸਕਿਆ। ਜੱਦੀ-ਪੁਸ਼ਤੀ ਜ਼ਮੀਨ ਦਾ ਮਾਲਕ, ਪੜ੍ਹਿਆ-ਲਿਖਿਆ ਅਤੇ ਰੋਹਬਦਾਰ ਨੌਜਵਾਨ ਪ੍ਰਭਜਿੰਦਰ ਸਿੰਘ ਡਿੰਪੀ ਬਰਾੜ ਕਿਵੇਂ ਇਸ ਪਾਸੇ ਆ ਗਿਆ ਅਤੇ ਕਿਵੇਂ ਮਹਿਜ਼ 40 ਸਾਲ ਦੀ ਉਮਰ ‘ਚ ਉਸ ਦਾ ਅੰਤ ਵੀ ਹੋ ਗਿਆ ਇਹ ਸਭ ਅਤੀਤ ਬਣ ਚੁੱਕਿਆ ਹੈ। ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ‘ਚ ਡਿੰਪੀ ਚੰਦਭਾਨ ਦਾ ਜ਼ਿਕਰ ਕੀਤਾ ਹੈ। ਡਿੰਪੀ ਦੇ ਭੋਗ ‘ਤੇ ਪੰਜਾਬ, ਹਰਿਆਣੇ ਦੇ ਵੱਡੇ-ਵੱਡੇ ਲੀਡਰ ਪਹੁੰਚੇ ਸਨ ਪਰ ਇੰਨੇ ਸਾਲ ਬੀਤਣ ਮਗਰੋਂ ਵੀ ਡਿੰਪੀ ਬਰਾੜ ਨੂੰ ਇਨਸਾਫ਼ ਨਹੀ ਮਿਲ ਸਕਿਆ ਹੈ।
ਲੇਖਕ (ਪਰਮ ਧਾਲੀਵਾਲ)