ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ‘ਆਪ’ ਦੀ ਵੱਡੀ ਜਿੱਤ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਵਰਚੁਅਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਕੇਜਰੀਵਾਲ ਨੇ ਵੀਡੀਓ ਕਾਨਫਰੰਸ ਰਾਹੀਂ ਵਿਧਾਇਕਾਂ ਨਾਲ ਗੱਲਬਾਤ ਕੀਤੀ। ਇਸ ਮੀਟਿੰਗ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਬਹੁਤ ਵੱਡਾ ਬਹੁਮਤ ਦਿੱਤਾ ਹੈ। ਹੁਣ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਦਿੱਤਾ ਗਿਆ ਇਹ ਪਿਆਰ ਉਨ੍ਹਾਂ ਨੂੰ ਵਾਪਿਸ ਮੋੜੀਏ। ਉਨ੍ਹਾਂ ਕਿਹਾ ਜੇਕਰ ਤੁਹਾਡੇ ਇਕ ਸਾਈਨ ਕਰਨ ਨਾਲ ਲੋਕਾਂ ਦਾ ਭਲਾ ਹੁੰਦਾ ਹੈ ਤਾਂ ਇਸ ਤੋਂ ਵੱਡਾ ਕੋਈ ਪੁੰਨ ਨਹੀਂ। ਉਨ੍ਹਾਂ ਕਿਹਾ ਕਿ ਜਿੱਥੇ ਵੀ ਕੋਈ ਸਮੱਸਿਆ ਜਾਂ ਮੁੱਦਾ ਹੈ, ਉਥੇ ਅਸੀਂ ਜਾਣਾ ਹੈ ਤੇ ਉਸ ਨੂੰ ਹੱਲ ਕਰਨਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਇਥੇ ਪੈਸੇ ਕਮਾਉਣ ਨਹੀਂ ਆਏ ਜੇ ਕਰ ਇਕ ਸਾਈਨ ਨਾਲ ਕਿਸੇ ਦੇ ਘਰ ਦੇ ਚੁੱਲ੍ਹੇ ਦੀ ਅੱਗ ਜਲਦੀ ਹੈ, ਕਿਸੇ ਬਜ਼ੁਰਗ ਦੇ ਇਲਾਜ ਦਾ ਪ੍ਰਬੰਧ ਹੁੰਦਾ ਹੈ, ਕਿਸੇ ਬੱਚੇ ਨੂੰ ਕਿਤਾਬ, ਬਸਤਾ ਜਾਂ ਪੜ੍ਹਾਈ ਮਿਲ ਜਾਂਦੀ ਹੈ ਤਾਂ ਇਸ ਤੋਂ ਵੱਡਾ ਪੁੰਨ ਹੋਰ ਕੀ ਹੋ ਸਕਦਾ ਹੈ। ਮਾਨ ਨੇ ਕਿਹਾ ਕਿ ਅਸੀਂ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਨੀ। ਉਨ੍ਹਾਂ ਕਿਹਾ ਕਿ ਮੇਰੇ ਕੋਲ ਵੀ ਕੁੱਝ ਸ਼ਿਕਾਇਤਾਂ ਆਈਆਂ ਹਨ ਕਿ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਉਨ੍ਹਾਂ ਜਵਾਬ ਦੇਣਾ ਸਾਡਾ ਕੰਮ ਨਹੀਂ ਹੈ ਅਸੀਂ ਕੰਮਾਂ ਨਾਲ ਉਨ੍ਹਾਂ ਨੂੰ ਜਵਾਬ ਦੇਣਾ ਹੈ। ਉਨ੍ਹਾਂ ਕਿਹਾ ਕਿ ਹਰ ਵਿਧਾਇਕ ਦਾ ਸਰਵੇ ਹੁੰਦਾ ਹੈ। ਇਸੇ ਵਜ੍ਹਾ ਨਾਲ ਦਿੱਲੀ ਵਿਚ 21-22 ਵਿਧਾਇਕਾਂ ਨੂੰ ਦੋਬਾਰਾ ਟਿਕਟ ਨਹੀਂ ਮਿਲੀ ਤੇ ਉਨ੍ਹਾਂ ਨੂੰ ਬਦਲ ਦਿੱਤਾ ਗਿਆ। ਸੀਟ ਪੱਕੀ ਕਰਨੀ ਹੈ ਤਾਂ ਲੋਕਾਂ ਨਾਲ ਪੱਕੀ ਦੋਸਤੀ ਕਰਨੀ ਪਵੇਗੀ।