ਹਰਿਆਣਾ ਦੇ ਪਾਨੀਪਤ ਤੋਂ ਤਰਲ ਆਕਸੀਜਨ ਲੈ ਕੇ ਸਿਰਸਾ ਲਈ ਨਿਕਲਿਆ ਇਕ ਟੈਂਕਰ ਗਾਇਬ ਹੋ ਗਿਆ। ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਪਾਨੀਪਤ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜ਼ਿਲ੍ਹਾ ਡਰੱਗ ਕੰਟਰੋਲਰ ਦੀ ਸ਼ਿਕਾਇਤ ‘ਤੇ ਇਕ ਮਾਮਲਾ ਦਰਜ ਕੀਤਾ ਗਿਆ ਹੈ। ਪਾਨੀਪਤ ਦੇ ਮਤਲੌਦਾ ਥਾਣੇ ਦੇ ਇੰਚਾਰਜ ਮਨਜੀਤ ਸਿੰਘ ਨੇ ਕਿਹਾ ਕਿ ਬੁੱਧਵਾਰ ਨੂੰ ਪਾਨੀਪਤ ਪਲਾਂਟ ਤੋਂ ਤਰਲ ਆਕਸੀਜਨ ਭਰਵਾਉਣ ਤੋਂ ਬਾਅਦ ਟੈਂਕਰ ਸਿਰਸਾ ਲਈ ਰਵਾਨਾ ਹੋਇਆ ਸੀ ਪਰ ਉਹ ਆਪਣੀ ਮੰਜ਼ਲ ਤੱਕ ਨਹੀਂ ਪਹੁੰਚਿਆ।
ਉਨ੍ਹਾਂ ਕਿਹਾ,”ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।” ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ‘ਚ ਵਾਧੇ ਕਾਰਨ ਮੈਡੀਕਲ ਆਕਸੀਜਨ ਦੀ ਮੰਗ ‘ਚ ਵੀ ਵਾਧਾ ਹੋਇਆ ਹੈ। ਇਕ ਹੋਰ ਘਟਨਾ ‘ਚ ਬੁੱਧਵਾਰ ਨੂੰ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਦੋਸ਼ ਲਗਾਇਆ ਸੀ ਕਿ ਹਸਪਤਾਲਾਂ ‘ਚ ਦਾਖ਼ਲ ਕੋਵਿਡ ਮਰੀਜ਼ਾਂ ਲਈ ਆਕਸੀਜਨ ਲੈ ਕੇ ਪਾਨੀਪਤ ਤੋਂ ਫਰੀਦਾਬਾਦ ਜਾ ਰਿਹਾ ਇਕ ਟੈਂਕਰ ਦਿੱਲੀ ਸਰਕਾਰ ਵਲੋਂ ‘ਲੁੱਟਿਆ’ ਗਿਆ ਸੀ, ਜਦੋਂ ਉਹ ਦਿੱਲੀ ਦੀ ਸਰਹੱਦ ਤੋਂ ਹੋ ਕੇ ਲੰਘ ਰਿਹਾ ਸੀ।