ਚਰਨਜੀਤ ਸਿੰਘ ਚੰਨੀ ਨੂੰ ਬੀਤੇ ਦਿਨ ਐਤਵਾਰ ਵਾਲੇ ਦਿਨ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਸੀ.ਐੱਮ. ਚਿਹਰਾ ਐਲਾਨੇ ਜਾਣ ਤੋਂ ਬਾਅਦ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਪ੍ਰੋ-ਪੰਜਾਬ ਦੀ ਪੱਤਰਕਾਰ ਸੀਰਤ ਸੰਧੂ ਵੱਲੋਂ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਜਿੱਥੇ ਉਨ੍ਹਾਂ ਮੁੱਖ ਮੰਤਰੀ ਦੇ ਚਿਹਰੇ ਵਜ੍ਹੋ ਚੰਨੀ ਅਤੇ ਸਿੱਧੂ ਵਿਚਕਾਰ ਚੰਨੀ ਨੂੰ ਚੁਣੇ ਜਾਣ ‘ਤੇ ਆਪਣੀ ਰਾਏ ਰੱਖੀ ਉੱਥੇ ਹੀ ਉਨ੍ਹਾਂ ਆਪਣੀ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨੇ ਵੀ ਵਿੰਨ੍ਹੇ।
ਆਮ ਆਦਮੀ ਪਾਰਟੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ‘ਚੋਂ ਕੋਈ ਵੀ ਆਦਮੀ ਆਮ ਘਰ ਦਾ ਨਹੀਂ ਸਗੋਂ ਸਾਰੇ ਹੀ ਵੱਡੇ ਘਰਾਂ ਜਾਂ ਵਿਰੋਧੀ ਪਾਰਟੀਆਂ ‘ਚੋਂ ਗਏ ਹੋਏ ਕੈਂਡੀਡੇਟ ਹਨ ਇਨ੍ਹਾਂ ਨੇ ਆਮ ਘਰ ਦਾ ਤਾਂ ਕੋਈ ਵੀ ਕੈਡੀਡੇਟ ਖੜ੍ਹਾ ਨਹੀਂ ਕੀਤਾ। ਇਹ ਤਾਂ ਕਹਿ ਰਹੇ ਸਨ ਕਿ ਆਮ ਆਦਮੀ ਪਾਰਟੀ ਦਾ ਹਰ ਇਕ ਕੈਡੀਡੇਟ ਆਮ ਘਰ ‘ਚੋਂ ਹੋਵੇਗਾ ਉਹ ਭਾਂਵੇ ਕੋਈ ਰਿਕਸ਼ੇਵਾਲਾ ਹੀ ਕਿਉਂ ਨਾ ਹੋਵੇ।
ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ ਦੇ ਸਵਾਲ ‘ਤੇ ਪ੍ਰਤੀਕੀਰੀਆ ਦਿੰਦਿਆਂ ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਹਾਈਕਮਾਨ ਦੇ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ। ਉਨ੍ਹਾਂ ਨੇ ਗੁਰੂ ਸਾਹਿਬਾਨਾਂ ਦੇ ਫਲਸਫੇ ‘ਤੇ ਚੱਲ ਕੇ ਇਹ ਜੋ ਫੈਸਲਾ ਕੀਤਾ ਹੈ ਉਸਦਾ ਪੂਰਾ ਪੰਜਾਬ ਅਤੇ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਸਵਾਗਤ ਕਰ ਰਿਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਸ ‘ਤੇ ਕੀਤੀ ਗਈ ਐੱਫ.ਆਈ.ਆਰ. ਈ.ਡੀ. ਦੀ ਰਿਪੋਰਟ ਮੁਤਾਬਕ ਹੈ ਅਤੇ ਸਾਡੀ ਸਰਕਾਰ ਆਉਣ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਸੀ.ਐੱਮ. ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਈ.ਡੀ. ਵੱਲੋਂ ਮਿਲੇ ਪੈਸਿਆਂ ਨੂੰ ਬਾਦਲਾਂ ਦੀ ਸਾਜਿਸ਼ ਕਰਾਰ ਦਿੱਤਾ ਹੈ।
ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਸਿੱਧੂ ਬਾਰੇ ਬਹੁਤ ਸਾਰੀਆਂ ਗੱਲਾਂ ਬਣਾਈਆਂ ਜਾ ਰਹੀਆ ਸੀ ਕਿ ਜੇਕਰ ਉਸ ਨੂੰ ਸੀ.ਐੱਮ. ਚਿਹਰਾ ਨਹੀਂ ਐਲਾਨਿਆਂ ਗਿਆ ਤਾਂ ਉਹ ਪਤਾ ਨਹੀਂ ਕੀ ਕਰਨਗੇ ਪਰ ਅਜਿਹਾ ਕੁਝ ਨਹੀਂ ਹੋਇਆ ਕਿਉਂਕਿ ਉਹ ਇਕ ਪੱਕਾ ਕਾਂਗਰਸੀ ਹੈ ਅਤੇ ਉਸ ‘ਚ ਕਾਂਗਰਸ ਦਾ ਡੀ.ਐਨ.ਏ. ਹੈ, ਜੋ ਕਿ ਪਾਰਟੀ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ।