ਲੁਧਿਆਣਾ ਵਿੱਚ ਇਕ ਬਹੁਤ ਹੀ ਗੰਭੀਰ ਮਾਮਲਾ ਸਾਹਮਣੇ ਆਇਆ ਹੈ । 8 ਵਿਦਿਆਰਥੀ ਸਕੂਲ ਤੋਂ ਵਾਪਸ ਘਰ ਆਉਂਦੇ ਸਮੇਂ ਰਸਤੇ ‘ਚ ਨਹਿਰ ਵਿੱਚ ਨਹਾਉਣ ਚਲੇ ਗਏ ਜਿਸ ਕਾਰਨ ਉਹਨਾਂ 8 ਵਿਦਿਆਰਥੀਆਂ ‘ਚੋ 3 ਨਹਿਰ ਵਿੱਚ ਡੁੱਬ ਗਏ ਅਤੇ 2 ਦੀ ਮੌਤ ਹੋ ਗਈ । ਸ਼ਨੀਵਾਰ ਸਵੇਰੇ ਉਹ ਆਪਣੇ-ਆਪਣੇ ਸਾਈਕਲ ‘ਤੇ ਸਵਾਰ ਹੋ ਕੇ ਸਕੂਲ ਗਏ ਸਨ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਇੱਕ ਬੱਚੇ ਨੂੰ ਬਾਹਰ ਕੱਢ ਲਿਆ ਗਿਆ,ਜਦਕਿ 2 ਵਿਦਿਆਰਥੀ ਪਾਣੀ ਵਿੱਚ ਵਹਿ ਗਏ।
ਜਾਣਕਰੀ ਅਨੁਸਾਰ ਗੋਤਾਖੋਰਾਂ ਦੀ ਮਦਦ ਨਾਲ 2 ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿੱਚ ਮ੍ਰਿਤਕ ਵਿਦਿਆਰਥੀਆਂ ਦੀ ਪਹਿਚਾਣ ਵਿਜੇ ਕੁਮਾਰ ਤੇ ਆਯੁਸ਼ ਵਜੋਂ ਹੋਈ ਹੈ,ਦੱਸ ਦੇਈਏ ਕਿ ਇੱਕ ਬੱਚਾ ਸੁਰੱਖਿਅਤ ਬਾਹਰ ਕੱਢਿਆ ਗਿਆ । ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ 8 ਵਿਦਿਆਰਥੀ ਡੇਹਲੋਂ ਦੇ ਰਹਿਣ ਵਾਲੇ ਹਨ। ਸਕੂਲ ਤੋਂ ਵਾਪਸੀ ਮੌਕੇ ਫਲਾਹੀ ਸਾਹਿਬ ਨੇੜੇ ਸਥਿਤ ਨਹਿਰ ਵਿੱਚ ਨਹਾਉਣ ਲਈ ਚਲੇ ਗਏ।
ਵਿਦਿਆਰਥੀਆਂ ਦੇ ਪਰਿਵਾਰ ਮੁਤਾਬਕ ਅਯੁਸ਼ ਤੇ ਵਿਜੇ ਦੋਨੋਂ ਹੀ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਸਨ। ਇਸ ਦੇ ਲਈ ਉਹ ਰੋਜ਼ ਸਵੇਰੇ ਦੌੜ ਲਗਾਉਂਦੇ ਸਨ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ 3 ਵਿਦਿਆਰਥੀ ਪਾਣੀ ਵਿੱਚ ਡੁੱਬੇ ਸਨ ਉਨ੍ਹਾਂ ਵਿੱਚੋਂ ਕਿਸੇ ਨੂੰ ਤੈਰਨਾ ਨਹੀਂ ਆਉਂਦਾ ਸੀ। ਉਹ ਆਪਣੇ ਦੋਸਤਾਂ ਦੀਆਂ ਗੱਲਾਂ ਵਿੱਚ ਆ ਕੇ ਪਾਣੀ ਵਿੱਚ ਨਹਾਉਣ ਲੱਗ ਗਏ। ਨਹਿਰ ਦੀ ਡੂੰਘਾਈ ਵੱਧ ਹੋਣ ਹੋਣ ਕਰਕੇ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਸਕੇ ਤੇ ਦੇਖਦੇ ਹੀ ਦੇਖਦੇ ਪਾਣੀ ਵਿੱਚ ਡੁੱਬ ਗਏ। ਬਾਕੀ ਦੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕੋਸ਼ਿਸ਼ ਅਸਫਲ ਹੋਣ ‘ਤੇ ਉਨ੍ਹਾਂ ਨੇ ਬਾਹਰ ਨਿਕਲ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਭੁਪਿੰਦਰ ਨੂੰ ਤਾਂ ਬਾਹਰ ਕੱਢ ਲਿਆ ਪਰ ਆਯੁਸ਼ ਤੇ ਵਿਜੇ ਪਾਣੀ ਵਿੱਚ ਡੁੱਬ ਗਏ।