ਦਿੱਲੀ ‘ਚ ਆਕਸੀਜਨ ਨਾ ਮਿਲਣ ਕਰਕੇ 8 ਮਰੀਜ਼ਾਂ ਦੀ ਦਰਦਨਾਕ ਮੌਤ
ਦਿੱਲੀ ਦੇ ਬਤਰਾ ਹਸਪਤਾਲ ‘ਚੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਬਤਰਾ ਹਸਪਤਾਲ ‘ਚ ਆਕਸੀਜਨ ਦੀ ਕਮੀ ਕਾਰਨ 8 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ‘ਚੋਂ 6 ਮਰੀਜ਼ ਆਈ.ਸੀ.ਯੂ ‘ਚ ਭਰਤੀ ਸਨ, ਜਦ ਕਿ 2 ਮਰੀਜ਼ ਵਾਰਡ ‘ਚ ਸਨ । ਆਕਸੀਜਨ ਨਾ ਮਿਲਣ ਕਾਰਨ ਸਾਰਿਆਂ ਮਰੀਜ਼ਾਂ ਦੀ ਜਾਨ ਗਈ ਹੈ। ਹਸਪਤਾਲ ‘ਚ ਭਰਤੀ ਲਗਪਗ 300 ਮਰੀਜ਼ਾਂ ਦੀ ਜਾਨ ਸੰਕਟ ‘ਚ ਹੈ। ਕੋਰੋਨਾ ਨਾਲ ਜੂਝ ਰਹੇ ਮਰੀਜ਼ਾਂ ਦਾ ਇਲਾਜ ਕਰ ਰਹੇ ਦਿੱਲੀ ਦੇ ਬਤਰਾ ਹਸਪਤਾਲ ‘ਚ ਸ਼ਨੀਵਾਰ ਨੂੰ ਇਕ ਵਾਰ ਫਿਰ ਆਕਸੀਜਨ ਦੀ ਕਿੱਲਤ ਹੋ ਗਈ ਹੈ। ਹਸਪਤਾਲ ਪ੍ਰਬੰਧਕ ਮੁਤਾਬਕ ਇੱਥੇ ਕੁੱਲ 308 ਮਰੀਜ਼ ਭਰਤੀ ਸਨ, ਇਸ ਦੌਰਾਨ ਆਕਸੀਜਨ ਨਾ ਮਿਲਣ ਕਾਰਨ 8 ਮਰੀਜ਼ਾਂ ਦੀ ਮੌਤ ਹੋ ਗਈ।
ਬਤਰਾ ਹਸਪਤਾਲ ਨੇ ਇਸ ਬਾਬਤ ਸ਼ਨੀਵਾਰ ਨੂੰ ਦਿੱਲੀ ਹਾਈਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਕੋਲ ਇੱਥੇ ਆਕਸੀਜਨ ਦੀ ਭਾਰੀ ਕਿੱਲਤ ਹੈ। ਬੱਤਰਾ ਹਸਪਤਾਲ ‘ਚ ਇਸ ਘਟਨਾ ਤੋਂ ਬਾਅਦ ਦਿੱਲੀ ਹਾਈਕੋਰਟ ਨੇ ਕਿਹਾ ਕਿ ਉਨ੍ਹਾਂ ਨੇ ਆਕਸੀਜਨ ਦੀ ਘਾਟ ਬਾਰੇ ਪ੍ਰਸ਼ਾਸਨ ਨੂੰ ਦੱਸਿਆ ਸੀ, ਇਸ ਦੇ ਬਾਵਜੂਦ ਆਕਸੀਜਨ ਦੇਰ ਨਾਲ ਪਹੁੰਚੀ। ਜੰਮੂ ‘ਚ ਵੀ ਇਕ ਹਸਪਤਾਲ ਵਿੱਚ ਸ਼ਨੀਵਾਰ ਨੂੰ ਆਕਸੀਜਨ ਦੀ ਸਪਲਾਈ ਵਿੱਚ ਵਿਘਨ ਪੈਣ ਕਾਰਨ ਚਾਰ ਮਰੀਜ਼ਾਂ ਦੀ ਮੌਤ ਹੋ ਗਈ ਸੀ।