ਤ੍ਰਿਪੁਰਾ ‘ਚ ਵੱਡੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ। ਇੱਥੇ ਭਾਜਪਾ ਨੇ ਮੌਜੂਦਾ ਸੀਐਮ ਬਿਪਲਬ ਦੇਵ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਜਿਸ ਤੋਂ ਬਾਅਦ ਬਿਪਲਬ ਦੇਵ ਨੇ ਵੀ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਹੈ। ਹੁਣ ਉਨ੍ਹਾਂ ਦੀ ਥਾਂ ‘ਤੇ ਨਵਾਂ ਮੁੱਖ ਮੰਤਰੀ ਨਿਯੁਕਤ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੀਐਮ ਦੇਵ ਨੇ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ।
ਅਸਤੀਫਾ ਦੇਣ ਤੋਂ ਬਾਅਦ ਕੀ ਬੋਲੇ CM ਦੇਵ ?
ਅਸਤੀਫਾ ਦੇਣ ਤੋਂ ਬਾਅਦ ਬਿਪਲਬ ਦੇਵ ਨੇ ਕਿਹਾ ਕਿ ਮੇਰੇ ਲਈ ਪਾਰਟੀ ਸਭ ਤੋਂ ਉੱਪਰ ਹੈ। ਸੰਸਥਾ ਦੇ ਹਿੱਤ ਵਿੱਚ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਜੋ ਵੀ ਜ਼ਿੰਮੇਵਾਰੀ ਦੇਵੇਗੀ, ਮੈਂ ਉਸ ਨੂੰ ਨਿਭਾਵਾਂਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੀਐਮ ਮੋਦੀ ਨਾਲ ਵੀ ਗੱਲ ਕੀਤੀ ਹੈ। ਬਿਪਲਬ ਨੇ ਕਿਹਾ ਕਿ ਉਨ੍ਹਾਂ ਪਾਰਟੀ ਲੀਡਰਸ਼ਿਪ ਦੇ ਕਹਿਣ ‘ਤੇ ਹੀ ਅਸਤੀਫਾ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਨਵੇਂ ਮੁੱਖ ਮੰਤਰੀ ਬਾਰੇ ਕੋਈ ਜਵਾਬ ਨਹੀਂ ਦਿੱਤਾ।
ਭਾਜਪਾ ਨੇ ਬੁਲਾਈ ਮੀਟਿੰਗ
ਜਾਣਕਾਰੀ ਮੁਤਾਬਕ ਭਾਜਪਾ ਨੇ ਸ਼ਾਮ 5 ਵਜੇ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ। ਜਿਸ ਲਈ ਕੇਂਦਰੀ ਮੰਤਰੀ ਭੂਪੇਂਦਰ ਯਾਦਵ ਅਤੇ ਪਾਰਟੀ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਕੇਂਦਰੀ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਦੋਵੇਂ ਅਗਰਤਲਾ ਪਹੁੰਚ ਗਏ ਹਨ। ਇਸ ਮੀਟਿੰਗ ਵਿੱਚ ਪਾਰਟੀ ਨਵੇਂ ਮੁੱਖ ਮੰਤਰੀ ਦੀ ਚੋਣ ਕਰ ਸਕਦੀ ਹੈ।
ਕੌਣ ਹੋ ਸਕਦਾ ਹੈ ਨਵਾਂ ਮੁੱਖ ਮੰਤਰੀ?
ਬਿਪਲਬ ਦੇਵ ਨੂੰ ਹਟਾਏ ਜਾਣ ਤੋਂ ਬਾਅਦ ਹੁਣ ਨਵੇਂ ਸੀਐਮ ਨੂੰ ਲੈ ਕੇ ਚਰਚਾ ਤੇਜ਼ ਹੁੰਦੀ ਜਾ ਰਹੀ ਹੈ। ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਨਵੇਂ ਚਿਹਰੇ ‘ਤੇ ਮੋਹਰ ਲੱਗ ਸਕਦੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਤ੍ਰਿਪੁਰਾ ਦੀ ਕਮਾਨ ਮੌਜੂਦਾ ਡਿਪਟੀ ਸੀਐਮ ਜਿਸ਼ਨੂ ਦੇਵ ਵਰਮਾ ਨੂੰ ਸੌਂਪੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕੁਝ ਹੋਰ ਨਾਵਾਂ ਦੀ ਵੀ ਚਰਚਾ ਹੈ। ਜਿਸ ਵਿੱਚ ਮਾਣਿਕ ਸਾਹਾ ਅਤੇ ਪ੍ਰਤਿਮਾ ਭੌਮਿਕ ਦੇ ਨਾਮ ਵੀ ਸ਼ਾਮਿਲ ਹਨ।