ਦੇਸ਼ ‘ਚ ਲਗਾਤਾਰ ਕੋਰੋਨਾ ਮਹਾਮਾਰੀ ਦੇ ਨਾਲ -ਨਾਲ ਮਹਿੰਗਾਈ ਦੀ ਵੀ ਬੁਰੀ ਮਾਰ ਪੈ ਰਹੀ ਹੈ | ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ 18ਵੇਂ ਦਿਨ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ | ਮੰਗਲਵਾਰ ਨੂੰ ਪੈਟਰੋਲੀਅਮ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕੀਤੇ ਹਨ ਜਿਸ ‘ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸ ਦੇ ਬਾਵਜੂਦ, ਬਹੁਤ ਸਾਰੇ ਰਾਜਾਂ ਤੇ ਦੇਸ਼ ਦੇ ਲਗਪਗ ਸਾਰੇ ਵੱਡੇ ਮਹਾਂਨਗਰਾਂ ਵਿੱਚ ਪੈਟਰੋਲ 100 ਤੋਂ ਪਾਰ ਹੈ।
ਦੇਸ਼ ਦਾ ਸਭ ਤੋਂ ਮਹਿੰਗਾ ਪੈਟਰੋਲ ਰਾਜਸਥਾਨ ਵਿੱਚ ਤੇ ਸਭ ਤੋਂ ਸਸਤਾ ਪੋਰਟ ਬਲੇਅਰ ਵਿੱਚ ਹੈ। ਦਿੱਲੀ ਦੇ ਇੰਡੀਅਨ ਆਇਲ ਦੇ ਪੰਪ ‘ਤੇ ਪੈਟਰੋਲ 101.84 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ 89.87 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਜਦੋਂਕਿ ਪੋਰਟ ਬਲੇਅਰ ਵਿੱਚ ਪੈਟਰੋਲ ਦੀ ਕੀਮਤ 85.28 ਰੁਪਏ ਤੇ ਡੀਜ਼ਲ ਦੀ ਕੀਮਤ 83.79 ਰੁਪਏ ਪ੍ਰਤੀ ਲੀਟਰ ਹੈ।
ਪਿਛਲੇ ਕੁਝ ਮਹੀਨਿਆਂ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋਏ ਵਾਧੇ ਤੋਂ ਪ੍ਰੇਸ਼ਾਨ ਖਪਤਕਾਰਾਂ ਨੂੰ ਅਗਲੇ ਦਿਨਾਂ ਵਿੱਚ ਥੋੜ੍ਹੀ ਰਾਹਤ ਮਿਲ ਸਕਦੀ ਹੈ। ਤੇਲ ਮਾਰਕੀਟਿੰਗ ਕੰਪਨੀਆਂ (ਓਐਮਸੀ) ਨੇ ਅੰਤਰਰਾਸ਼ਟਰੀ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਦਾ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਤੀਜੇ ਵਜੋਂ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ‘ਤੇ ਪੈਣ ਵਾਲੇ ਪ੍ਰਭਾਵ ਜਲਦੀ ਹੀ ਨਜ਼ਰ ਆਉਣਗੇ।
ਮਈ ਤੋਂ ਪੈਟਰੋਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਕਾਰਨ ਹਰ ਆਮ ਤੇ ਵਿਸ਼ੇਸ਼ ਵਿਅਕਤੀ ਪ੍ਰੇਸ਼ਾਨ ਹੈ। ਪੈਟਰੋਲ 42 ਦਿਨਾਂ ਵਿੱਚ 11.52 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਪਿਛਲੇ ਦੋ ਮਹੀਨਿਆਂ ਵਿੱਚ ਡੀਜ਼ਲ ਦੀ ਕੀਮਤ ਵੀ 9.14 ਰੁਪਏ ਪ੍ਰਤੀ ਲੀਟਰ ਵਧ ਕੇ ਰਾਜਧਾਨੀ ਵਿੱਚ 89.87 ਰੁਪਏ ਪ੍ਰਤੀ ਲੀਟਰ ਹੋ ਗਈ।