ਕਿਸੇ ਵੇਲੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਬਾਦਲ ਦੇ ਕਰੀਬੀ ਰਹੇ ਭਾਈ ਰਣਜੀਤ ਸਿੰਘ ਨੇ ਦਿੱਲੀ ਗੁਰਦੁਆਰਾ ਚੋਣਾਂ ‘ਚ ਬਾਦਲਾਂ ਖਿਲਾਫ ਹੀ ਮੋਰਚਾ ਖੋਲਿਆ ਹੋਇਆ ਹੈ। ਭਾਈ ਰਣਜੀਤ ਸਿੰਘ ਮੁਤਾਬਿਕ ਬਾਦਲਾਂ ਤੋਂ ਉਹਨਾਂ ਦੀ ਦੂਰੀ ਦਾ ਕਾਰਨ ਇਹੋ ਹੈ ਕਿ ਉਹ ਪਰਿਵਾਰ ਦੀ ਰਾਜਨੀਤੀ ਕਰ ਰਹੇ ਹਨ ਅਤੇ ਪਰਿਵਾਰ ਨੂੰ ਹੀ ਪਾਲਦੇ ਹਨ। ਕਾਂਗਰਸ ਨਾਲ ਰਿਸ਼ਤੇ ‘ਤੇ ਬੋਲਦਿਆਂ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ‘ਤੇ ਹੀ ਨਿਸ਼ਾਨਾ ਸਾਧਿਆ ਕਿ ਬਾਦਲ ਨੇ ਖੁਦ ਆਪਣੇ ਨਿਆਣੇ ਕਾਂਗਰਸੀ ਪਰਿਵਾਰਾਂ ਵਿਚ ਹੀ ਵਿਆਹੇ ਹਨ। ਮਨਜਿੰਦਰ ਸਿਰਸਾ ਬਾਰੇ ਪੁੱਛੇ ਜਾਣ ‘ਤੇ ਉਹ ਬੋਲੇ ਕਿ ਸਿਰਸਾ ਸਿਰਫ 2 ਸਾਲ ਦਾ ਕਾਰਜਕਾਲ ਨਾ ਗਿਣਾਵੇ, ਅਸੀਂ ਪਿਛਲੇ 48 ਸਾਲਾਂ ਦਾ ਹਿਸਾਬ ਮੰਗਦੇ ਹਾਂ। ਉਹਨਾਂ ਸਿਰਸਾ ਕੋਲੋਂ ਕਈ ਗੱਡੀਆਂ ਦਾ ਵੀ ਹਿਸਾਬ ਮੰਗਿਆ ਹੈ। ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਨੂੰ ਉਹਨਾਂ ਬਾਦਲਾਂ ਦਾ ਥਾਪਿਆ ਹੋਇਆ ਦੱਸਿਆ ਅਤੇ ਕਿਹਾ ਕਿ ਅਸਲ ਜਥੇਦਾਰ ਜਲਦ ਆਵੇਗਾ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਅੰਗ ਹੋਵੇਗਾ।