ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਖਿਡਾਰੀ ਹਨ ਜਿੰਨਾਂ ਨੇ ਖੇਡਾਂ ਦੇ ਵਿੱਚ ਚੰਗੀਆਂ ਮੱਲਾ ਮਾਰੀਆਂ ਹਨ| ‘ਐੱਨਬੀਏ ਸਮਰ ਲੀਗ’ ਵਿੱਚ ਖੇਡਣ ਵਾਲੇ ਦੂਜੇ ਭਾਰਤੀ ਨੌਜਵਾਨ ਬਾਸਕਟਬਾਲ ਖਿਡਾਰੀ ਪ੍ਰਿੰਸਪਾਲ ਸਿੰਘ (20) ਨੇ ਕਿਹਾ ਕਿ ਉਸ ਦਾ ਸਫ਼ਰ ਕਿਸੇ ਸੁਫਨੇ ਤੋਂ ਘੱਟ ਨਹੀਂ ਰਿਹਾ ਹੈ। ਉਸ ਨੇ ਕਿਹਾ ਕਿ ਉਹ ਐੱਨਬੀਏ ’ਚ ਖੇਡਣ ਦੇ ਅਗਲੇ ਟੀਚੇ ਦੀ ਪ੍ਰਾਪਤੀ ਲਈ ਆਪਣੀ ਫਿਟਨੈੱਸ ਅਤੇ ਕੌਸ਼ਲ ’ਤੇ ਕੰਮ ਰਿਹਾ ਹੈ।
ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਪ੍ਰਿੰਸਪਾਲ ਸਿੰਘ ਨੇ ਲੁਧਿਆਣਾ ਬਾਸਕਟਬਾਲ ਅਕੈਡਮੀ ਦੇ ਸਾਥੀ ਸਤਨਾਮ ਸਿੰਘ ਵਾਂਗ ਹੀ ਐੱਨਬੀਏ (ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ) ਸਮਰ ਲੀਗ ’ਚ ਸ਼ੁਰੂਆਤ ਕੀਤੀ ਹੈ, ਜਿੱਥੇ ਉਹ ਮੰਗਲਵਾਰ ਰਾਤ ਨੂੰ ਲਾਸ ਵੇਗਾਸ ’ਚ ਸੈਕਰਾਮੈਂਟੋ ਕਿੰਗਜ਼ ਵੱਲੋਂ ਵਾਸ਼ਿੰਗਟਨ ਵਿਜ਼ਾਰਡ ਖ਼ਿਲਾਫ਼ ਖੇਡਿਆ।
ਪ੍ਰਿੰਸਪਾਲ ਨੇ ਵਰਚੁਅਲ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘ਸਮਰ ਲੀਗ ’ਚ ਖੇਡਣਾ ਬਹੁਤ ਸ਼ਾਨਦਾਰ ਹੈ। ਮੈਂ ਬਹੁਤ ਖੁਸ਼ ਹਾਂ। ਮੈਂ ਪਹਿਲਾਂ ‘ਜੀ ਲੀਗ’ ਵਿੱਚ ਖੇਡਿਆ ਅਤੇ ਫਿਰ ‘ਸਮਰ ਲੀਗ’ ਵਿੱਚ। ਮੈਂ ਖਿਡਾਰੀ ਵਜੋਂ ਅੱਗੇ ਵਧਣ ਤੋਂ ਖੁਸ਼ ਹਾਂ। ਹੁਣ ਮੈਂ ਐੱਨਬੀਏ ਲਈ ਖੇਡਣ ਬਾਰੇ ਕੰਮ ਕਰ ਰਿਹਾ ਹਾਂ। ਮੈਂ ਨਹੀਂ ਸੋਚਿਆ ਸੀ ਕਿ ਇੰਨੀ ਦੂਰ ਤੱਕ ਜਾਵਾਂਗਾ। ਇਹ ਕਦੇ-ਕਦੇ ਸੁਫਨੇ ਵਾਂਗ ਲੱਗਦਾ ਹੈ।’ ਉਸ ਨੇ ਕਿਹਾ, ‘ਮੇਰਾ ਅਗਲਾ ਟੀਚਾ ਐੱਨਬੀਏ ’ਚ ਖੇਡਣ ਦਾ ਹੈ, ਸਤਨਾਮ ਸਿੰਘ ਇਸ ਵਿੱਚ ਖੇਡਣ ਵਾਲਾ ਭਾਰਤੀ ਸੀ ਅਤੇ ਮੈਂ ਐੱਨਬੀਏ ’ਚ ਲੰਬੇ ਸਮੇਂ ਤੱਕ ਖੇਡਣਾ ਚਾਹੁੰਦਾ ਹਾਂ, ਇਸ ਕਰਕੇ ਮੇਰਾ ਧਿਆਨ ਖ਼ੁਦ ਨੂੰ ਫਿੱਟ ਰੱਖਣ ’ਤੇ ਲੱਗਾ ਹੋਇਆ ਹੈ।’