ਮੋਗਾ ਦੇ ਥਾਣਾ ਸਦਰ ਵੱਲੋਂ ਲੁੱਟ ਖੋਹ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਗਰੋਹ ਦੇ 4 ਮੈਂਬਰ ਲੰਘੀ ਰਾਤ ਪਲੀਸ ਸਟੇਸ਼ਨ ਵਿੱਚੋਂ ਕੰਧ ਨੂੰ ਪਾੜ ਲਗਾ ਕੇ ਫ਼ਰਾਰ ਹੋ ਗਏ। ਪੁਲੀਸ ਨੇ ਜਲਦੀ ਹੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਡੀਐੱਸਪੀ ਸਿਟੀ ਜਸ਼ਨਦੀਪ ਸਿੰਘ ਗਿੱਲ ਤੇ ਥਾਣਾ ਮੁਖੀ ਕਸ਼ਮੀਰ ਸਿੰਘ ਨੇ ਮੁਲਜਮਾਂ ਦੇ ਥਾਣੇ ’ਚੋਂ ਫ਼ਰਾਰ ਹੋਣ ਦੀ ਪੁਸ਼ਟੀ ਕਰਦਿਆਂ ਦਾਅਵਾ ਕੀਤਾ ਕਿ ਪੁਲੀਸ ਨੇ ਮੁਲਜ਼ਮਾਂ ਦੀ ਪੈੜ ਨੱਪ ਲਈ ਹੈ।
ਥਾਣਾ ਸਦਰ ਪੁਲੀਸ ਨੇ ਪਿੰਡ ਧੱਲੇਕੇ ਦੀ ਸ਼ਮਸ਼ਾਨਘਾਟ ਵਿਚ ਡਕੈਤੀ ਦੀ ਸਾਜ਼ਿਸ਼ ਘੜ ਰਹੇ ਗੁਰਪ੍ਰੀਤ ਸਿੰਘ ਉਰਫ ਗੋਪੀ ਪਿੰਡ ਆਲਮਵਾਲਾ ਅਤੇ ਰਵਿੰਦਰ ਸਿੰਘ ਉਰਫ ਰਵੀ ਪਿੰਡ ਰੰਡਿਆਲਾ, ਸਤਨਾਮ ਸਿੰਘ ਪਿੰਡ ਚੰਨੂਵਾਲਾ, ਹਰਪ੍ਰੀਤ ਸਿੰਘ ਪਿੰਡ ਝਾਮਕੇ ਜ਼ਿਲ੍ਹਾ ਫਿਰੋਜ਼ਪੁਰ ਨੂੰ ਕਾਬੂ ਕੀਤਾ ਗਿਆ ਸੀ। ਪੁਲੀਸ ਨੇ ਉਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ ਅਤੇ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਕੀਤਾ ਸੀ। ਇਹ ਮੁਲਜ਼ਮ ਪੁਲੀਸ ਰਿਮਾਂਡ ਉੱਤੇ ਸਨ ਅਤੇ ਥਾਣਾ ਸਦਰ ਵਿਖੇ ਅਸਥਾਈ ਹਵਾਲਾਤ ਵਿੱਚ ਬੰਦ ਸਨ। ਪੁਲੀਸ ਮੁਤਾਬਕ ਥਾਣਾ ਸਦਰ ਦੀ ਇਮਾਰਤ ਨਿਰਮਾਣ ਅਧੀਨ ਹੈ ਅਤੇ ਪੁਰਾਣੇ ਕਮਰੇ ਨੂੰ ਅਸਥਾਈ ਰੂਪ ਵਿੱਚ ਹਵਾਲਾਤ ਲਈ ਪ੍ਰਯੋਗ ਕੀਤਾ ਜਾ ਰਿਹਾ ਹੈ। ਲੰਘੀ ਰਾਤ ਚਾਰੇ ਮੁਲਜ਼ਮ ਇਸ ਕਮਰੇ ਦੀ ਦੀਵਾਰ ਵਿੱਚ ਪਾੜ ਪਾ ਕੇ ਫ਼ਰਾਰ ਹੋ ਗਏ। ਸਵੇਰੇ ਹਵਾਲਾਤ ਖਾਲੀ ਵੇਖਕੇ ਪੁਲੀਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਗ੍ਰਿਫ਼ਤਾਰੀ ਲਈ ਪੁਲੀਸ ਟੀਮਾਂ ਦਾ ਬਣਾ ਦਿੱਤੀਆਂ ਹਨ।