ਸਿੱਖਾਂ ਦੇ ਸਵਰਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਸੰਗਤਾਂ ਦੇ ਸਹਿਯੋਗ ਨਾਲ ਮੀਰੀ-ਪੀਰੀ ਦਾ ਸਥਾਪਨਾ ਦਿਵਸ ਮਨਾਇਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਕੀਤੇ ਗਏ, ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਗਿਆਨੀ ਮਲਕੀਤ ਸਿੰਘ ਹੈਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਿਆ। ਸੰਗਤਾਂ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੀਰੀ-ਪੀਰੀ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਦਿਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਸਿੱਖ ਧਰਮ ਅੰਦਰ ਮੀਰੀ-ਪੀਰੀ ਤੇ ਧਰਮ ਤੇ ਰਾਜਨੀਤੀ ਦਾ ਬਹੁਤ ਸੁਹਣਾ ਤੇ ਦਵੰਦ ਸੁਮੇਲ ਹੈ ਅਤੇ ਇਹ ਮਨੁੱਖ ਨੂੰ ਪਰੀਪੂਰਨਤਾ ਵੱਲ ਲੈ ਕੇ ਜਾਣ ਦਾ ਸੱਚਾ ਸੁੱਚਾ ਸੰਕਲਪ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ‘ਤੇ ਵੀ ਗਤਕੇ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ। ਮੈਂ ਸਮੁੱਚੇ ਸਿੱਖ ਜਗਤ ਤੇ ਖਾਸਕਰ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਦੇ ਨਾਲ ਸ਼ਸਤਰਾਂ ਨਾਲ ਵੀ ਪਿਆਰ ਕਰਨ ਤਾਂ ਜੋ ਹਰ ਪੱਖੋਂ ਸੰਪੰਨ ਹੋ ਕੇ ਜ਼ਿੰਦਗੀ ਬਤੀਤ ਕਰ ਸਕੀਏ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ।
ਗੁਰੂ ਸਾਹਿਬ ਨੇ ਸਿੰਘਾਂ ਨੂੰ ਸ਼ਸਤਰ ਤੇ ਘੋੜੇ ਲਿਆਉਣ ਦਾ ਉਪਦੇਸ਼ ਦਿੱਤਾ – ਬੀਬੀ ਜਗੀਰ ਕੌਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨਣ ਦੇ ਨਾਲ-ਨਾਲ ਆਪਣੇ ਸਿੱਖਾਂ ਨੂੰ ਚੰਗੇ ਘੋੜੇ ਤੇ ਚੰਗੇ ਸ਼ਸਤਰ ਲਿਆਉਣ ਦਾ ਵੀ ਉਪਦੇਸ਼ ਦਿੱਤਾ। ਢਾਡੀ ਵਾਰਾਂ ਦੀ ਵੀ ਸ਼ੁਰੂਆਤ ਕੀਤੀ ਤੇ ਧਰਮ ਤੇ ਰਾਜਨੀਤੀ ਨੂੰ ਇਕੱਠਾ ਕਰਕੇ ਸਿੱਖ ਫੁੱਲਵਾੜੀ ਨੂੰ ਮਹਿਫੂਜ਼ ਰੱਖਣ ਲਈ ਸ਼ਕਤੀ ਦਿੱਤੀ ਤੇ ਚਾਰ ਜੰਗਾਂ ਲੜ ਕੇ ਫਤਿਹ ਪ੍ਰਾਪਤ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਕਾਰਜਕਾਰਣੀ ਮੈਂਬਰਾਂ ਦੇ ਇਲਾਵਾ ਉੱਚ ਅਧਿਕਾਰੀ, ਸਮੁੱਚਾ ਸਟਾਫ਼ ਤੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।