ਵਾਸ਼ਿੰਗਟਨ – ਮਿਆਂਮਾਰ ਦੀ ਫੌਜ ਨਾਲ ਰਿਸ਼ਤੇ ਰੱਖਣ ਦਾ ਖਮਿਆਜ਼ਾ ਗੌਤਮ ਅਡਾਨੀ ਦੀ ਕੰਪਨੀ ਨੂੰ ਅਮਰੀਕਾ ਵਿਚ ਭੁਗਤਣਾ ਪਿਆ ਹੈ। ਇਸ ਦੇ ਚੱਲਦੇ ਅਡਾਨੀ ਨੂੰ ਕੰਪਨੀ ਨਿਊਯਾਰਕ ਸਟਾਕ ਐਕਸਚੇਂਜ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਹੈ। ਗੌਤਮ ਅਡਾਨੀ ਦੀ ਮਾਲਕੀ ਵਾਲੀ ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨਾਮਿਕ ਜ਼ੋਨ ਨੂੰ ਐੱਸ. ਐੱਡ. ਪੀ. ਡਾਓ ਜੋਨਸ ਨੇ ਆਪਣੀ ਸਥਿਰਤਾ ਵਾਲੀ ਲਿਸਟ ਵਿਚੋਂ ਹਟਾ ਦਿੱਤਾ ਹੈ। ਨਿਊਯਾਰਕ ਸਟਾਕ ਐਕਸਚੇਂਜ ਨੇ ਬਿਆਨ ਜਾਰੀ ਕਰ ਇਸ ਦੀ ਜਾਣਕਾਰੀ ਦਿੱਤੀ ਹੈ।
ਗੌਤਮ ਅਡਾਨੀ ਦੀ ਫਰਮ ‘ਤੇ ਮਿਆਂਮਾਰ ਵਿਚ ਤਖਤਾਪਲਟ ਨੂੰ ਅੰਜ਼ਾਮ ਦੇਣ ਵਾਲੀ ਫੌਜ ਨਾਲ ਵਪਾਰਕ ਸਬੰਧ ਰੱਖਣ ਦੇ ਚੱਲਦੇ ਇਹ ਕਾਰਵਾਈ ਕੀਤੀ ਗਈ ਹੈ। ਮਿਆਂਮਾਰ ਦੀ ਫੌਜ ਨੇ 1 ਫਰਵਰੀ ਨੂੰ ਤਖਤਾਪਲਟ ਕਰਦੇ ਹੋਏ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਨੂੰ ਹਟਾ ਕੇ ਸੱਤਾ ‘ਤੇ ਕਬਜ਼ਾ ਕਰ ਲਿਆ ਸੀ। ਨਿਊਯਾਰਕ ਸਟਾਕ ਐਕਸਚੇਂਜ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ (ਏ. ਪੀ. ਏ. ਸੀ. ਜ਼ੈੱਡ.) ਨੂੰ 15 ਅਪ੍ਰੈਲ ਤੋਂ ਲਿਸਟ ਵਿਚੋਂ ਹਟਾ ਦਿੱਤਾ ਜਾਵੇਗਾ।
ਅਡਾਨੀ ਪੋਰਟਸ ਨੇੜੇ ਇਸ ਵੇਲੇ ਦੁਨੀਆ ਦੇ ਕਈ ਮੁਲਕਾਂ ਵਿਚ ਪੋਰਟਸ ਨਿਰਮਾਣ ਦਾ ਕਾਂਟ੍ਰੈਕਟ ਹੈ। ਇਸ ਵਿਚ ਮਿਆਂਮਾਰ ਦੇ ਯੰਗੂਨ ਵਿਚ 29 ਕਰੋੜ ਡਾਲਰ ਦੀ ਲਾਗਤ ਨਾਲ ਇਕ ਨਵੇਂ ਕੰਟੇਨਰ ਟਰਮੀਨਲ ਦਾ ਨਿਰਮਾਣ ਵੀ ਹੈ ਜਿਸ ਲਈ ਮਿਆਂਮਾਰ ਦੀ ਫੌਜ ਵੱਲੋਂ ਚਲਾਈ ਜਾ ਰਹੀ ਮਿਆਂਮਾਰ ਇਕਨਾਮਿਕ ਕਾਰਪੋਰੇਸ਼ਨ ਨੇ ਜ਼ਮੀਨ ਲੀਜ਼ ‘ਤੇ ਦਿੱਤੀ ਹੈ।
ਮਿਆਂਮਾਰ ਵਿਚ ਫੌਜ ਦੇ ਤਖਤਾਪਲਟ ਦਾ ਅਮਰੀਕਾ ਸਣੇ ਪੱਛਮੀ ਮੁਲਕਾਂ ਨੇ ਵਿਰੋਧ ਕੀਤਾ ਹੈ ਅਤੇ ਲੋਕਤੰਤਰ ਨਾ ਬਹਾਲ ਕਰਨ ‘ਤੇ ਮਿਆਂਮਾਰ ਦੀ ਫੌਜ ‘ਤੇ ਸਖਤ ਪਾਬੰਦੀਆਂ ਲਾਉਣ ਦੀ ਗੱਲ ਆਖੀ ਹੈ। ਮਿਆਂਮਾਰ ਵਿਚ ਤਖਤਾਪਲਟ ਖਿਲਾਫ ਜਨਤਾ ਸੜਕਾਂ ‘ਤੇ ਹੈ। ਵਿਖਾਵਿਆਂ ਦੌਰਾਨ ਹੁਣ ਤੱਕ 700 ਤੋਂ ਵਧ ਲੋਕ ਸੁਰੱਖਿਆ ਫੋਰਸਾਂ ਦੀ ਹਿੰਸਾ ਵਿਚ ਮਾਰੇ ਜਾ ਚੁੱਕੇ ਹਨ।