ਮਹਿੰਗਾਈ ਦੀ ਮਾਰ ਦਿਨੋਂ ਦਿਨ ਵਧਦੀ ਜਾ ਰਹੀ ਹੈ। ਆਮ ਆਦਮੀ ਦੇ ਲਈ ਦੋ ਡੰਗ ਦੀ ਰੋਟੀ ਖਾਣਾ ਵੀ ਮੁਸ਼ਕਿਲ ਹੋ ਰਿਹਾ ਹੈ। ਅਜਿਹੇ ‘ਚ ਕੇਂਦਰ ਸਰਕਾਰ ਵੱਲੋਂ ਲਏ ਜਾ ਰਹੇ ਫ਼ੈਸਲੇ ਲੋਕਾਂ ਦੀ ਪ੍ਰੇਸ਼ਾਨੀਆਂ ਵਧਾ ਰਹੇ ਨੇ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਤੋਂ ਬਾਅਦ ਹੁਣ ਸ਼ਹਿਰੀਆਂ ਦੁੱਧ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਗਈਆਂ।ਪੰਜਾਬ ਵਿੱਚ ਵੇਰਕਾ ਕੰਪਨੀ ਨੇ ਦੁੱਧ ਦੇ ਰੇਟਾਂ ਵਿੱਚ ਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ।ਨਵੇਂ ਰੇਟਾਂ ਦੇ ਮੁਤਾਬਿਕ ਤੁਹਾਨੂੰ ਹਰੇ ਪੈਕੇਟ ਵਾਲਾ ਦੁੱਧ 50 ਦੀ ਜਗ੍ਹਾ 52 ਰੁਪਏ ਪ੍ਰਤੀ ਕਿਲੋ ਜਦਕਿ ਪੀਲਾ ਪੈਕੇਟ ਵਾਲਾ ਦੁੱਧ 40 ਰੁਪਏ ਦੀ ਬਜਾਏ 42 ਰੁਪਏ ਪ੍ਰਤੀ ਕਿਲੋ ਮਿਲੇਗਾ ਜਦੋਂ ਕਿ ਸੰਤਰੀ ਪੈਕੇਟ ਵਾਲਾ ਦੁੱਧ 54 ਰੁਪਏ ਦੀ ਜਗ੍ਹਾ 56 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲੇਗਾ।
ਮਹਿੰਗਾਈ ਨੇ ਘਰ ਦੀ ਰਸੋਈ ਦਾ ਬਜਟ ਵੀ ਹਿਲਾ ਕੇ ਰੱਖ ਦਿੱਤਾ ਹੈ। ਦੁੱਧ ਦੀਆਂ ਕੀਮਤਾਂ ਤਾਂ ਵਧੀਆਂ ਹੀ ਹਨ, ਇਸ ਤੋਂ ਇਲਾਵਾ ਪਿਛਲੇ ਦਿਨਾਂ ਵਿੱਚ ਦਹੀਂ ਤੇ ਪਨੀਰ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਸੀ। ਸਰੋਂ ਦਾ ਤੇਲ ਜੋ ਘਰ ਦੀ ਰਸੋਈ ਵਿੱਚ ਸਭ ਤੋਂ ਵੱਧ ਵਰਤੋਂ ਵਿੱਚ ਆਉਂਦਾ ਹੈ, ਉਸ ਦੀਆਂ ਕੀਮਤਾਂ ਵੀ ਆਸਮਾਨ ਛੂਹ ਚੁੱਕੀਆਂ ਹਨ। ਸਰੋਂ ਦਾ ਤੇਲ 200 ਰੁਪਏ ਤੋਂ ਲੈ ਕੇ 250 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਮਹਿੰਗਾਈ ਤਾਂ ਵਧਾ ਰਹੀ ਹੈ ਪਰ ਆਮਦਨ ਦੇ ਸਾਧਨ ਨਹੀਂ ਵਧਾ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਮਹਿੰਗਾਈ ਨੂੰ ਕੰਟਰੋਲ ਕਰੇ ਜਾਂ ਫਿਰ ਰੁਜਗਾਰ ਤੇ ਤਨਖਾਹਾਂ ਵਿੱਚ ਵੀ ਵਾਧਾ ਕੀਤਾ ਜਾਣਾ ਚਾਹੀਦਾ ਹੈ।ਦੱਸ ਦਈਏ ਕਿ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਹੇਠਾਂ ਮਿਲਕਫੈੱਡ ਵਿਭਾਗਾਂ ਦਾ ਹੈ ਹਾਲ ਹੀ ਵਿੱਚ ਉਨ੍ਹਾਂ ਨੇ ਡੇਅਰੀ ਉਤਪਾਦਕਾਂ ਦੇ ਨਾਲ ਮੁਲਾਕਾਤ ਕੀਤੀ ਸੀ ਅਤੇ 20 ਰੁਪਏ ਪ੍ਰਤੀ ਲਿਟਰ ਦੁੱਧ ਦਾ ਸਮਰਥਨ ਮੁੱਲ ਵਧਾਇਆ ਸੀ. ਜੋ ਕਿ ਡੇਅਰੀ ਉਤਪਾਦਕਾਂ ਨੂੰ ਮਿਲੇਗਾ. ਪਰ ਇਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ‘ਤੇ ਪਿਆ ਹੈ ਹੁਣ ਉਨ੍ਹਾਂ ਨੂੰ ਹਰ ਇੱਕ ਪੈਕੇਟ ਦੇ ਲਈ ਪ੍ਰਤੀ ਲਿਟਰ ਦੇ ਹਿਸਾਬ ਨਾਲ 2 ਰੁਪਏ ਵੱਧ ਦੇਣੇ ਹੋਣਗੇ