ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿੱਚੋਂ ਕਿਸਾਨ ਮੋਰਚੇ ਦੇ ਵਿੱਚ ਸੱਭ ਤੋਂ ਵੱਖਰੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਅੰਦੋਲਨ ਸਬੰਧੀ ਅਪਣੀ ਰਣਨੀਤੀ ਨੂੰ ਸਪੱਸ਼ਟ ਕੀਤਾ ਹੈ। ਚੰਡੀਗੜ੍ਹ ਪਹੁੰਚੇ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉੁਗਰਾਹਾਂ ਨੇ ਕਿਸਾਨ ਭਵਨ ਵਿਚ ਹੋਈ ਪ੍ਰੈਸ ਕਾਨਫ਼ਰੰਸ ਵਿਚ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਕਰੋਨਾ ਦੇ ਚਲਦੇ ਹੀ ਤਿੰਨ ਕਾਲੇ ਖੇਤੀ ਕਾਨੂੰਨ ਪਾਸ ਕਰਵਾਏ ਤੇ ਹੁਣ ਕੋਰੋਨਾ ਦੀ ਆੜ ਹੇਠ ਹੀ ਕਿਸਾਨ ਅੰਦੋਲਨ ਨੂੰ ਖ਼ਤਮ ਕਰਵਾਉਣ ਦੀਆਂ ਸਾਜ਼ਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਯੂਨੀਅਨ ਜਿਥੇ ਕਾਲੇ ਖੇਤੀ ਕਾਨੂੰਨ ਲਾਗੂ ਕਰਵਾਉਣ ਲਈ ਅੰਦੋਲਨ ਕਰ ਰਹੀ ਹੈ, ਉਥੇ ਦੇਸ਼ ਪੰਜਾਬ ਵਿਚ ਫੈਲੀ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਦਾ ਮੁੱਦਾ ਲੈ ਕੇ ਸਰਕਾਰ ਦੇ ਮਾੜੇ ਪ੍ਰਬੰਧਾਂ ਵਿਰੁਧ ਵੀ ਅੰਦੋਲਨ ਕਰੇਗੀ। ਉਨ੍ਹਾਂ ਕਿਹਾ ਕਿ 26 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ਮੌਕੇ ਕਾਲਾ ਦਿਵਸ ਮਨਾਉਣ ਦਾ ਸੱਦਾ ਦਿਤਾ ਗਿਆ ਹੈ। ਇਸ ਦਿਨ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਦੇ ਨਾਲ ਹੀ ਕੋਰੋਨਾ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕਰਨ ਦੀ ਮੰਗ ਵੀ ਉਠਾਈ ਜਾਵੇਗੀ। ਉਗਰਾਹਾਂ ਨੇ ਇਹ ਵੀ ਸਪੱਸ਼ਟ ਕਰ ਦਿਤਾ ਕਿ ਯੂਨੀਅਨ ਕੋਰੋਨਾ ਦੇ ਨਿਯਮਾਂ ਦਾ ਪਾਲਣ ਕਰੇਗੀ। ਦਿੱਲੀ ਤੋਂ ਇਲਾਵਾ ਪੰਜਾਬ ’ਚ ਚੱਲ ਰਹੇ ਸਾਰੇ ਧਰਨਿਆਂ ’ਚ ਵੀ ਮਾਸਕ ਪਹਿਨਣ, ਸੈਨੀਟੇਸ਼ਨ ਤੇ ਦੂਰੀ ਰੱਖਣ ਲਈ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕੋਰੋਨਾ ਟੈਸਟਾਂ ’ਤੇ ਵੈਕਸੀਨੇਸ਼ਨ ਵਿਰੁਧ ਨਹੀਂ ਪਰ ਇਹ ਕੰਮ ਲੋਕਾਂ ਨੂੰ ਜਾਗਰੂਕ ਕਰ ਕੇ ਸਮਝਾ ਕੇ ਹੋਣਾ ਚਾਹੀਦਾ ਹੈ। ਜ਼ਬਰਦਸਤੀ ਦੇ ਯੂਨੀਅਨ ਵਿਰੁਧ ਹੈ ਕਿਉਂਕਿ ਪੇਂਡੂ ਲੋਕਾਂ ’ਚ ਟੈਸਟਾਂ ਤੇ ਵੈਕਸੀਨੇਸ਼ਨ ਬਾਰੇ ਬਹੁਤ ਸ਼ੰਕੇ ਤੇ ਭਰਮ ਭੁਲੇੇਖੇ ਹਨ ਅਤੇ ਇਹ ਦੂਰ ਕੀਤੇ ਜਾਣੇ ਚਾਹੀਦੇ ਹਨ ਅਤੇ ਯੂਨੀਅਨ ਜਾਗਰੂਕਤਾ ਮੁਹਿੰਮ ’ਚ ਸਰਕਾਰ ਦਾ ਸਾਥ ਦੇਣ ਲਈ ਤਿਆਰ ਹੈ। ਦਿੱਲੀ ਮੋਰਚੇ ’ਚ ਟੈਸਟਾਂ ਲਈ ਯੂਨੀਅਨ ਦੇ ਅਪਣੇ ਡਾਕਟਰ ਤੇ ਹਸਪਤਾਲ ਸਹੂਲਤਾਂ ਹਨ ਜਿਸ ਕਰ ਕੇ ਸਰਕਾਰ ਨੂੰ ਜ਼ਿਆਦਾ ਚਿੰਤਾ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਕਿਸਾਨ ਕੋਰੋਨਾ ਨਿਯਮਾਂ ਦਾ ਪਾਲਣ ਕਰਨਗੇ। ਪਰ ਇਸੇ ਦੌਰਾਨ ਧਰਨੇ ਜਾਰੀ ਰਹਿਣਗੇ ਤੇ ਤਿੰਨੇ ਕਾਨੂੰਨਾਂ ਦੀ ਵਾਪਸੀ ਤਕ ਅੰਦੋਲਨ ਪੂਰੀ ਸ਼ਕਤੀ ਨਾਲ ਜਾਰੀ ਰਹੇਗਾ।ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਸੰਸਦ ਮਾਰਚ ਕੋਰੋਨਾ ਦੀ ਸਥਿਤੀ ਦੇ ਮੱਦੇਨਜ਼ਰ ਹੀ ਵਾਪਸ ਲਿਆ ਗਿਆ ਸੀ ਅਤੇ ਅਗਲੀ ਰਣਨੀਤੀ ਮੋਰਚਾ ਸਹਿਮਤੀ ਨਾਲ ਹੀ ਸਥਿਤੀਆਂ ਮੁਤਾਬਕ ਬਣਾਏਗਾ।