ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ | ਇਸ ਮੌਕੇ ਬਿਕਰਮ ਮਜੀਠਿਆ ਦੇ ਵੱਲੋਂ ਕਾਂਗਰਸ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ | ਮੀਡੀਆ ਦੇ ਸਵਾਲਾ ਦਾ ਜਵਾਬ ਦਿੰਦੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ‘ਚ ਮੁੱਦਿਆਂ ‘ਤੇ ਨਹੀ, ਕੁਰਸੀ ਲਈ ਲੜਾਈ ਹੋ ਰਹੀ ਸੀ। ਉਹਨਾਂ ਨੇ ਕਾਂਗਰਸ ਦੇ ਘੁਟਾਲਿਆਂ ਦਾ ਪਰਦਾਫਾਸ਼ ਵੀ ਕੀਤਾ ਕਿ ਕਿਸ ਤਰਾਂ ਕਾਂਗਰਸ ਸਰਕਾਰ ਤੇ ਉਹਨਾਂ ਦੇ ਮੰਤਰੀਆਂ ਵੱਲੋਂ ਸੂਬੇ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ, ਪਰ ਉਹਨਾਂ ਦੀ ਉਡੀਕ ਅਜੇ ਵੀ ਲੋਕ ਕਰ ਰਹੇ ਹਨ।
ਸੂਬੇ ‘ਚ ਲਗਾਤਾਰ ਸ਼ਰਾਬ ਅਤੇ ਮਾਈਨਿੰਗ ਮਾਫੀਆ ਵੱਧ ਰਹੀ ਹੈ, ਪਰ ਸੂਬਾ ਸਰਕਾਰ ਚੁੱਪ ਬੈਠੀ ਹੈ, ਇਸ ਮੁੱਦੇ ‘ਤੇ ਵੀ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲਿਆ।ਰਾਹੁਲ ਗਾਂਧੀ ਵੱਲੋਂ ਸਦਨ ‘ਚ ਟਰੈਕਟਰ ‘ਤੇ ਜਾਣ ‘ਤੇ ਵੀ ਬਿਕਰਮ ਮਜੀਠੀਆ ਨੇ ਬੋਲਿਆ ਕਿ ਹੁਣ ਕਿਉਂ ਕਾਂਗਰਸ ਕਿਸਾਨਾਂ ਦੀ ਹਿਮਾਇਤ ਬਣ ਰਹੀ ਹੈ, ਉਸ ਸਮੇਂ ਕਿਥੇ ਸੀ ਉਹ ਜਦੋਂ ਇਹ ਤਿੰਨੇ ਕਾਨੂੰਨ ਪਾਸ ਹੋਏ ਸਨ। ਖੇਤੀ ਬਿੱਲਾਂ ‘ਤੇ ਵੋਟਿੰਗ ਦੌਰਾਨ ਕਾਂਗਰਸ ਪਾਰਟੀ ਸਦਨ ‘ਚੋਂ ਕਿਉਂ ਰਹੀ ਬਾਹਰ, ਇਸ ਦਾ ਜਵਾਬ ਮੰਗ ਰਹੇ ਨੇ ਲੋਕ। ਨਾਲ ਹੀ ਮਜੀਠੀਆ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ, ਕਿਉਂਕਿ ਲੰਮੇ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਹਨ।
ਨਵਜੋਤ ਸਿੱਧੂ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਦੁਸ਼ਹਿਰਾ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਕੀਤੇ ਵਾਅਦੇ ਸਿੱਧੂ ਨੇ ਪੂਰੇ ਨਹੀਂ ਕੀਤੇ। ਸਿੱਧੂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਗੋਦ ਲੈਣ ਦੀ ਗੱਲ ਆਖੀ ਸੀ, ਪਰ ਹੁਣ ਉਹਨਾਂ ਨੂੰ ਅੱਖੋਂ ਪਰੋਖੇ ਕਿਉਂ ਕੀਤਾ ਜਾ ਰਿਹਾ ਹੈ। ਅੱਗੇ ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਨੇ ਬੇਸ਼ੱਕ ਪ੍ਰਧਾਨ ਬਦਲ ਲਿਆ ਹੈ, ਪਰ ਪੰਜਾਬ ਦੇ ਮੁੱਦੇ ਹੱਲ ਨਹੀਂ ਹੋਏ।