ਅੱਜ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਦਾ ਠਾਠਾਂ ਮਾਰਦਾ ਇਕੱਠ ਨਜ਼ਰ ਆਇਆ। ਵੱਡੀ ਗਿਣਤੀ ‘ਚ ਕਿਸਾਨ ਬੀਬੀਆਂ ਨੇ ਵੀ ਦਿੱਲੀ ਡੇਰੇ ਲਾ ਲਏ ਹਨ। ਅੱਜ ਟਿੱਕਰੀ ਬਾਰਡਰ ਦੀ ਸਟੇਜ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਮੈਂਨੂੰ ਉਮੀਦ ਨਹੀਂ ਸੀ ਕਿ ਸਾਡੇ ਇੱਕ ਸੱਦੇ ‘ਤੇ ਇੰਨਾ ਵੱਡਾ ਇਕੱਠ ਹੋ ਜਾਵੇਗਾ ਅਤੇ ਲੋਕ ਆਪਣੇ ਕੰਮ-ਕਾਰ ਵਿੱਚੇ ਛੱਡ ਕੇ ਦਿੱਲੀ ਮੋਰਚੇ ‘ਚ ਸਾਥ ਦੇਣ ਲਈ ਪਹੁੰਚ ਜਾਣਗੇ। ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਅਸੀਂ ਤੁਹਾਡੇ ਸਹਿਯੋਗ ਨਾਲ ਮੋਦੀ ਸਰਕਾਰ ਕੋਲੋਂ ਤਿੰਨ ਕਾਨੂੰਨ ਰੱਦ ਕਰਵਾ ਕੇ ਦਿੱਲੀ ਦਾ ਮੋਰਚਾ ਵੀ ਜਿੱਤਾਂਗੇ ਅਤੇ ਪੰਜਾਬ ਜਾ ਕੇ ਗੁਟਕਾ ਸਾਹਿਬ ਦੀਆਂ ਝੂਠੀਆਂ ਸੌਂਹਾਂ ਖਾ ਕੇ ਤੁਹਾਡੇ ਸਾਰੇ ਕਰਜ਼ੇ ਨੂੰ ਨਾ ਮੁਆਫ਼ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਧੌਣ ‘ਤੇ ਗੋਡਾ ਵੀ ਰੱਖਾਂਗੇ। ਟਿੱਕਰੀ ਬਾਰਡਰ ‘ਤੇ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਗਰਾਹਾਂ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਕੋਰੋਨਾ ਦਾ ਰੌਲਾ ਪਾ ਕੇ ਸਾਡੇ ਮੋਰਚੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਇਸ ਦਾ ਜੁਆਬ ਦੇਣ ਲਈ ਤੁਸੀਂ ਸਾਡੀ ਇਕ ਆਵਾਜ਼ ‘ਤੇ ਆਪਣੀਆਂ ਫ਼ਸਲਾਂ ਦੀ ਵਾਢੀ ਵਿਚੇ ਛੱਡ ਕੇ ਵੱਡੇ ਪੱਧਰ ‘ਤੇ ਜਿਵੇਂ ਪੁੱਜੇ ਹੋ, ਉਸ ਨੇ ਮੋਦੀ ਸਰਕਾਰ ਨੂੰ ਜਵਾਬ ਦੇ ਦਿੱਤਾ ਹੈ, ਕਿ ਮੋਰਚੇ ਨੂੰ ਸਾਫ਼ ਕਰਨਾ ਹੁਣ ਤੇਰੇ ਵੱਸ ਵਿਚ ਨਹੀਂ ਰਿਹਾ। ਉਗਾਰਹਾਂ ਨੇ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਕਹਿ ਰਹੇ ਨੇ ਕਿ ਕਿਸਾਨ ਕੋਈ ਪ੍ਰਪੋਜ਼ਲ ਦੇਣ। ਉਗਰਾਹਾਂ ਨੇ ਕਿਹਾ ਕਿ ਕਿਸਾਨਾਂ ਨੇ ਪ੍ਰਪੋਜ਼ਲ ਕੀ ਦੇਣਾ ਸਰਕਾਰ ਲਿਖ ਕੇ ਭੇਜ ਦੇਵੇ ਕਿ ਸਾਰੇ ਕਾਨੂੰਨ ਰੱਦ ਕਰ ਦਿੱਤੇ ਗਏ ਹਨ। ਕਿਸਾਨ ਆਪਣੇ ਘਰਾਂ ਨੂੰ ਖੁਦ ਮੁੜ ਜਾਣਗੇ। ਉਗਰਾਹਾਂ ਨੇ ਕਿਹਾ ਕਿ ਸਰਕਾਰ ਮਨ ‘ਚ ਇਹ ਭੁਲੇਖਾ ਨਾ ਰੱਖੇ ਕਿ ਕੋਰੋਨਾ ਦੀ ਆੜ ‘ਚ ਸਾਨੂੰ ਇੱਥੋਂ ਉਠਾ ਦੇਵੇਗੀ ਜਦੋਂ ਤੱਕ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਉਦੋਂ ਦਿੱਲੀ ਦੇ ਬਾਰਡਰਾਂ ਤੋਂ ਕਿਸੇ ਕੀਮਤ ‘ਤੇ ਨਹੀਂ ਉੱਠਾਂਗੇ।