ਨਵੀਂ ਦਿੱਲੀ: ਕੋਰੋਨਾਵਾਇਰਸ ਦੀ ਦੂਜੀ ਲਹਿਰ ਕਾਰਨ ਦੇਸ਼ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਲਈ ਰੱਖਿਆ ਮੰਤਰੀ ਨੇ ਵੱਡਾ ਫੈਸਲਾ ਲਿਆ ਹੈ। ਮੰਤਰੀ ਨੇ ਕਿਹਾ ਕਿ ਹੁਣ ਹਰ ਆਮ ਨਾਗਰਿਕ ਵੀ ਮਿਲੀਟਰੀ ਹਸਪਤਾਲ ਵਿੱਚ ਇਲਾਜ਼ ਕਰਵਾ ਸਕਦਾ ਹੈ। ਦੇਸ਼ ਭਰ ਵਿਚ 67 ਮਿਲਟਰੀ ਹਸਪਤਾਲ ਹਨ।
ਰੱਖਿਆ ਮੰਤਰੀ ਨੇ ਸੈਨਾ ਦੇ ਤਿੰਨ ਪ੍ਰਮੁੱਖ ਅਤੇ ਰੱਖਿਆ ਸੈਕਟਰੀਆਂ ਦੇ ਨਾਲ ਮੀਟਿੰਗਾਂ ਦੇ ਬਾਅਦ ਮਿਲਟਰੀ ਹਸਪਤਾਲਾਂ ਨੂੰ ਇਹ ਹੁਕਮ ਦਿੱਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਜਾਂ ਕੋਵਡ ਦੇ ਨੋਡਲ ਅਧਿਕਾਰੀ ਜ਼ਰੀਏ ਕੋਵਿਡ ਦੇ ਮਰੀਜਾਂ ਦਾ ਇਲਾਜ਼ ਹੋਵੇਗਾ।
ਮਹਿਕਮੇ ਵੱਲੋਂ ਜਾਰੀ ਹੁਕਮਾਂ ਚ ਕਿਹਾ ਗਿਆ ਹੈ ਕਿ ਦੇਸ਼ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਕਾਰ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਪੂਰੇ ਦੇਸ਼ ਅੰਦਰ ਕੰਟੋਨਮੈਂਟ ਬੋਰਡ ਵੱਲੋਂ ਚਲਾਏ ਜਾਣ ਵਾਲੇ ਹਸਪਤਾਲਾਂ ਵਿਚ ਸਾਰੇ ਮਰੀਜ਼ਾਂ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣ।
ਇਸ ਤੋਂ ਪਹਿਲਾਂ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਵੀ ਆਪਣੇ ਇਕ ਹਸਪਤਾਲ ਨੂੰ ਕੋਰੋਨਾ ਦੇ ਮਰੀਜ਼ਾਂ ਲਈ ਫਿਰ ਤੋਂ ਖੋਲ੍ਹਣ ਦਾ ਐਲਾਨ ਕੀਤਾ ਸੀ। DRDO ਦਾ ਦਿੱਲੀ ਏਅਰਪੋਰਟ ਕੋਲ ਹਸਪਤਾਲ ਹੈ ਜਿਸ ਨੂੰ ਸੋਮਵਾਰ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਪਿਛਲੇ ਸਾਲ ਵੀ ਇੱਥੇ ਮਰੀਜ਼ਾਂ ਦਾ ਇਲਾਜ ਹੋਇਆ ਸੀ ਪਰ ਬਾਅਦ ਵਿਚ ਕੋਰੋਨਾ ਮਾਮਲੇ ਘਟਣ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।
ਪਰ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਚਕਿਤਸਾ ਕੇਂਦਰ ਦੀ ਸ਼ੁਰੂਆਤ ਸੋਮਵਾਰ ਨੂੰ ਮੁੜ 250 ਬਿਸਤਰਿਆਂ ਨਾਲ ਕਰ ਦਿੱਤੀ ਜਾਵੇਗੀ ਤੇ ਕੁਝ ਦਿਨਾਂ ਵਿੱਚ ਇਸ ਦੀ ਸਮਰੱਥਾ 500 ਬਿਸਤਰਿਆਂ ਤੱਕ ਵਧਾ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਹੈ ਕਿ ਸਾਰੇ ਬਿਸਤਰਿਆਂ ਦੇ ਨਾਲ ਆਕਸੀਜਨ ਸਿਲੰਡਰ ਵੀ ਮਿਲੇਗਾ ਅਤੇ ਸਿਹਤ ਕੇਂਦਰ ਵਿੱਚ ਲੋੜੀਂਦੀ ਸੰਖਿਆ ਨਾਲ ਵੈਂਟੀਲੇਟਰ ਅਤੇ ਹੋਰ ਜ਼ਰੂਰੀ ਸਿਹਤ ਸਹੂਲਤਾਂ ਵੀ ਮਿਲਣਗੀਆਂ