ਕੋਰੋਨਾ ਮਹਾਮਾਰੀ ਦਰਮਿਆਨ ਪਾਕਿਸਤਾਨ ਜਾਣ ਵਾਲਾ ਜਥਾ ਫਿਲਹਾਲ ਨਹੀਂ ਜਾਵੇਗਾ | ਪਾਕਿਸਤਾਨ ਨੇ ਇਸ ਜਥੇ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਇਸ ਜਥੇ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਦਰਸ਼ਨਾ ਲਈ ਪਾਕਿਸਤਾਨ ਜਾਣਾ ਸੀ | ਜੋ ਹੁਣ ਪਾਕਿਸਤਾਨ ਨਹੀਂ ਜਾ ਸਕੇਗਾ। ਪਾਕਿਸਤਾਨ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਕਾਰਨ ਜਥੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਮਿਲੀ ਜਾਣਕਾਰੀ ਅਨੁਸਾਰ ਵਿਸ਼ਵ ਮਹਾਂਮਾਰੀ ਕੋਰੋਨਾ ਦਾ ਹਵਾਲਾ ਦੇ ਕੇ ਪਾਕਿਸਤਾਨ ਸਰਕਾਰ ਨੇ ਜਥੇ ਨੂੰ ਪ੍ਰਵਾਨਗੀ ਨਹੀਂ ਦਿੱਤੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿਚ ਤਿਆਰੀਆਂ ਮੁਕੰਮਲ ਸਨ ਅਤੇ ਭਾਰਤ ਸਰਕਾਰ ਵੱਲੋਂ ਵੀ ਜਥੇ ਲਈ ਕਿਸੇ ਕਿਸਮ ਦੀ ਅਜੇ ਤੱਕ ਮਨਾਹੀ ਨਹੀਂ ਸੀ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਯਾਤਰਾ ਵਿਭਾਗ ਸ਼੍ਰੋਮਣੀ ਕਮੇਟੀ ਦੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰ੍ਰਧਾਨ ਸ. ਸਤਵੰਤ ਸਿੰਘ ਨਾਲ ਟੈਲੀਫੋਨ ’ਤੇ ਗੱਲਬਾਤ ਹੋਈ ਹੈ, ਜਿਸ ਅਨੁਸਾਰ ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਪਾਕਿਸਤਾਨ ਵੱਲੋਂ ਕੋਰੋਨਾ ਕਾਰਨ ਆਗਿਆ ਨਹੀਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਇਹ ਜਥਾ 14 ਜੂਨ ਨੂੰ ਸ਼ਹੀਦੀ ਦਿਹਾੜੇ ਸਬੰਧੀ ਪਾਕਿਸਤਾਨ ਜਾਣਾ ਸੀ, ਜਿਸ ਦੀ ਰਵਾਨਗੀ 6 ਜੂਨ ਨੂੰ ਕੀਤੀ ਜਾਣੀ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸ਼ਰਧਾਲੂਆਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਜਾਣ ਲਈ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਪਾਸ ਜਮ੍ਹਾਂ ਕਰਵਾਏ ਸਨ, ਉਹ ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਤੋਂ ਵਾਪਸ ਲੈ ਸਕਦੇ ਹਨ।