ਅੰਮ੍ਰਿਤਸਰ, 24 ਮਈ
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਿਤ ਧਾਰਮਿਕ ਫ਼ਿਲਮਾਂ ਬਣਾਉਣ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਉਲੀਕਿਆ ਜਾ ਰਿਹਾ ਪ੍ਰਾਜੈਕਟ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਹੈ। ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਮਕਾਲੀ ਗੁਰਸਿੱਖਾਂ ਬਾਰੇ ਫ਼ਿਲਮਾਂ ਬਣਾਉਣ ਦੇ ਫ਼ੈਸਲੇ ਨੂੰ ਸਿੱਖ ਸਿਧਾਂਤਾਂ ਦੇ ਉਲਟ ਦੱਸਦਿਆਂ ਫੈਡਰੇਸ਼ਨ ਆਗੂ ਪ੍ਰੋ. ਸਰਚਾਂਦ ਸਿੰਘ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦੇ ਕੇ ਫ਼ਿਲਮਾਂਕਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਵੱਲੋਂ ਫ਼ਿਲਮਾਂ ਬਣਾਉਣ ਸਬੰਧੀ ਕਮੇਟੀ ਵਿਚ ਦੋ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਸ਼ਾਮਲ ਕਰਨ ‘ਤੇ ਵੀ ਸਵਾਲ ਖੜ੍ਹੇ ਹੋ ਗਏ ਹਨ।
ਇਸ ਸਬੰਧੀ ਮੀਡੀਆ ਨੂੰ ਜਾਰੀ ਇਕ ਬਿਆਨ ਵਿਚ ਪ੍ਰੋ. ਸਰਚਾਂਦ ਸਿੰਘ ਨੇ ਆਖਿਆ ਕਿ ਬੀਬੀ ਜਗੀਰ ਕੌਰ ਗੁਰੂ ਸਾਹਿਬਾਨ ਵੱਲੋਂ ਸ਼ਹਾਦਤਾਂ ਰਾਹੀਂ ਸਿਰਜੀ ਵਿਰਾਸਤ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ। ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਮਕਾਲੀ ਸਿੱਖਾਂ ਬਾਰੇ ਫ਼ਿਲਮਾਂ ਬਣਾਉਣ ਦਾ ਫ਼ੈਸਲਾ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਿਛਲੇ ਸਮਿਆਂ ਦੌਰਾਨ ਹੋਏ ਆਦੇਸ਼ਾਂ ਦੀ ਖ਼ੁਦ ਉਲੰਘਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮਾਂ ਦੁਆਰਾ ਧਰਮ ਪ੍ਰਚਾਰ ਕਰਨਾ ਸਿੱਖ ਸਿਧਾਂਤਾਂ ਦੇ ਉਲਟ ਹੈ। ਇਸੇ ਕਾਰਨ ਹੀ ਸਿੱਖੀ ਸਿਧਾਂਤਾਂ ਦੀ ਸੁਰੱਖਿਆ ਹਿਤ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ 20 ਫਰਵਰੀ, 1934 ਨੂੰ ਇਕ ਮਤਾ ਪਾਸ ਕੀਤਾ ਸੀ ਕਿ ਗੁਰੂ ਸਾਹਿਬਾਨ , ਸਿੱਖ ਸ਼ਹੀਦਾਂ ਆਦਿ ਮਹਾਂਪੁਰਖਾਂ ਦੀਆਂ ਇਤਿਹਾਸਕ ਸਾਖੀਆਂ ਦੇ ਸੀਨਜ਼ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਦੀਆਂ ਫ਼ਿਲਮਾਂ ਬਣਾਉਣੀਆਂ ਸਿੱਖ ਅਸੂਲਾਂ ਦੇ ਵਿਰੁੱਧ ਹੈ। ਇਸੇ ਤਰਾਂ ਸ਼੍ਰੋਮਣੀ ਕਮੇਟੀ ਦੀ ਨੇ 7 ਅਗਸਤ 1940 ਨੂੰ ਅਤੇ 30 ਮਈ 2003 ਅੰਤ੍ਰਿਗ ਕਮੇਟੀ ਵਿਚ ਮਤਾ ਪਾਸ ਕਰਕੇ ਗੁਰੂ ਸਾਹਿਬਾਨ, ਪੰਜ ਪਿਆਰੇ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਸਬੰਧੀ ਧਾਰਮਿਕ ਫ਼ਿਲਮਾਂ ਬਣਾਉਣ ‘ਤੇ ਮਨਾਹੀ ਲਾਈ ਸੀ। ਉਲਾਂਘ ਕਿਹਾ ਕਿ ਬੀਤੇ ਦੌਰਾਨ ਜਦੋਂ ਵੀ ਗੁਰੂ ਸਾਹਿਬਾਨ ਅਤੇ ਸਮਕਾਲੀ ਗੁਰਸਿੱਖਾਂ ਅਤੇ ਮਹਾਨ ਸ਼ਹੀਦਾਂ ਸੰਬੰਧੀ ਫ਼ਿਲਮਾਂ ਦੇ ਰਿਲੀਜ਼ ਹੋਣ ਦੀ ਗਲ ਚਲੀ, ਸਿੱਖ ਸੰਗਤਾਂ ਵੱਲੋਂ ਸਖ਼ਤ ਰੋਸ ਜਤਾਇਆ ਜਾਂਦਾ ਰਿਹਾ। ਇੱਥੋਂ ਤਕ ਕਿ ਅਪ੍ਰੈਲ 2018 ਦੌਰਾਨ ਪੰਜ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਹੁਕਮਨਾਮਾ ਜਾਰੀ ਕਰਦਿਆਂ ਇਕ ਵਿਵਾਦਗ੍ਰਸਤ ਫ਼ਿਲਮ ਦੇ ਨਿਰਮਾਤਾ ਨੂੰ ਪੰਥ ’ਚੋਂ ਖ਼ਾਰਜ ਕਰਨ ਦਾ ਸਖ਼ਤ ਫ਼ੈਸਲਾ ਸੁਣਾਇਆ ਗਿਆ।
ਉਨ੍ਹਾਂ ਕਿਹਾ ਕਿ ਜੇਕਰ ਅੱਜ ਸ਼੍ਰੋਮਣੀ ਕਮੇਟੀ ਨੇ ਗੁਰੂ ਇਤਿਹਾਸ ਨਾਲ ਸਬੰਧਿਤ ਮਨੁੱਖੀ ਪਾਤਰਾਂ ਵਾਲੀਆਂ ਫ਼ਿਲਮਾਂ ਬਣਾਉਣ ਨੂੰ ਖੁੱਲ੍ਹ ਦੇ ਦਿੱਤੀ ਤਾਂ ਕੱਲ੍ਹ ਨੂੰ ਬਾਲੀਵੁੱਡ ਵੱਲੋਂ ਮੁਨਾਫ਼ੇ ਨੂੰ ਮੁੱਖ ਰੱਖ ਕੇ ਸਿੱਖ ਗੁਰੂ ਸਾਹਿਬਾਨ ਤੇ ਸ਼ਹੀਦਾਂ ਬਾਰੇ ਗ਼ਲਤ ਇਤਿਹਾਸ ਪੇਸ਼ ਕਰਦੀਆਂ ਅਤੇ ਮਜ਼ਾਕ ਵਾਲੀਆਂ ਫ਼ਿਲਮਾਂ ਵੀ ਬਣਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਬੀਬੀ ਜਗੀਰ ਕੌਰ ਨੇ ਧਾਰਮਿਕ ਫ਼ਿਲਮਾਂ ਬਣਾਉਣ ਸਬੰਧੀ ਸਕਰਿਪਟ ਤਿਆਰ ਕਰਨ ਅਤੇ ਉਸ ਨੂੰ ਅਪਰੂਵ ਕਰਨ ਵਾਲੀ ਕਮੇਟੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸ਼ਾਮਲ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਵੀ ਸਿੱਧੀ ਚੁਣੌਤੀ ਦੇ ਕੇ ਸਿੰਘ ਸਾਹਿਬਾਨ ਦੇ ਰੁਤਬਿਆਂ ਨੂੰ ਛੁਟਿਆਉਣ ਦੀ ਹਮਾਕਤ ਕਰਦਿਆਂ ਉਨ੍ਹਾਂ ਨੂੰ ਆਪਣੇ ਅਧੀਨ ਸਾਬਤ ਕਰਨ ਦੀ ਸਾਜ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਦਾ ਕੰਮ ਕੌਮ ਨੂੰ ਉਸਾਰੂ ਸੇਧ ਦੇਣੀ ਤੇ ਕੌਮ ਦੇ ਹਿਤ ‘ਚ ਮਸਲਿਆਂ ਪ੍ਰਤੀ ਮਰਯਾਦਾ ਅਨੁਸਾਰ ਫ਼ੈਸਲੇ ਦੇਣੇ ਹਨ ਨਾ ਕਿ ਸਿਧਾਂਤਾਂ ਦੇ ਉਲਟ ਜਾ ਕੇ ਫ਼ਿਲਮਾਂ ਬਣਾਉਣੀਆਂ ਤੇ ਅਪਰੂਵ ਕਰਨੀਆਂ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਜਿਨ੍ਹਾਂ ਸਿੰਘ ਸਾਹਿਬਾਨ ਦੇ ਸਿਰ ’ਤੇ ਪੰਥ ਦੀਆਂ ਅਮੀਰ ਰਵਾਇਤਾਂ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਹੈ ਉਨ੍ਹਾਂ ਨੂੰ ਹੀ ਰਵਾਇਤਾਂ ਨੂੰ ਤੋੜਨ ਲਈ ਬੀਬੀ ਜਗੀਰ ਕੌਰ ’’ਹਦਾਇਤ’’ ਕਰ ਰਹੀ ਹੈ। ਇਸ ਕਰਕੇ ਸਿੱਖ ਸਿਧਾਂਤਾਂ ਦੇ ਉਲਟ ਜਾ ਕੇ ਗੁਰੂ ਸਾਹਿਬਾਨ ਤੇ ਸਿੱਖ ਸ਼ਹੀਦਾਂ ਬਾਰੇ ਫ਼ਿਲਮਾਂ ਬਣਾਉਣ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਫ਼ੈਸਲੇ ਨੂੰ ਰੱਦ ਕੀਤਾ ਜਾਵੇ। ਪ੍ਰੋ. ਸਰਚਾਂਦ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਜਿਸ ਤਰ੍ਹਾਂ ਸਾਲ 2000 ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਹੁੰਦਿਆਂ ਬੀਬੀ ਜਗੀਰ ਕੌਰ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦਿਵਾਉਣ ਲਈ ਡੋਜ਼ੀਅਰ ਤਿਆਰ ਕਰਨ ਵਿਚ ਗੁਰੂ ਕੇ ਖ਼ਜ਼ਾਨੇ ਦਾ 40 ਲੱਖ ਰੁਪਇਆ ਬਰਬਾਦ ਕਰ ਦਿੱਤਾ ਸੀ ਜਦੋਂਕਿ ਕੌਮ ਦੇ ਰੋਹ ਅੱਗੇ ਝੁਕਦਿਆਂ ਆਖ਼ਰਕਾਰ ਵਿਸ਼ਵ ਵਿਰਾਸਤ ਦਾ ਦਰਜਾ ਦਿਵਾਉਣ ਦਾ ਫ਼ੈਸਲਾ ਵਾਪਸ ਲੈਣਾ ਪਿਆ ਸੀ ਹੁਣ ਵੀ ਬੀਬੀ ਜਗੀਰ ਕੌਰ ਸਿੱਖ ਸਿਧਾਂਤਾਂ ਦੇ ਉਲਟ ਜਾ ਕੇ ਧਾਰਮਿਕ ਫ਼ਿਲਮਾਂ ਬਣਾਉਣ ਦੇ ਨਾਂਅ ਤੇ ਸਿੱਖ ਕੌਮ ਦਾ ਵੱਡਾ ਸਰਮਾਇਆ ਹੀ ਬਰਬਾਦ ਕਰਨ ‘ਤੇ ਤੁਲੀ ਹੋਈ ਹੈ ਕਿਉਂਕਿ ਪੰਥ ਨੇ ਫ਼ਿਲਮਾਂ ਚੱਲਣ ਨਹੀਂ ਦੇਣੀਆਂ। ਸ਼੍ਰੋਮਣੀ ਕਮੇਟੀ ਨੂੰ ਇਹ ਸਿਧਾਂਤਹੀਣ ਫ਼ੈਸਲਾ ਵੀ ਅਖੀਰ ਨੂੰ ਵਾਪਸ ਹੀ ਲੈਣਾ ਪਵੇਗਾ। ਪ੍ਰੋ. ਸਰਚਾਂਦ ਸਿੰਘ ਨੇ ਇਹ ਮੰਗ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸਕੱਤਰ ਗੁਰਮੀਤ ਸਿੰਘ ਨੂੰ ਸੌਂਪਿਆ।ਇਸ ਮੌਕੇ ਭਾਈ ਸ਼ਿਵਦੇਵ ਸਿੰਘ ਗੁਰੂ ਵਾਲੀ ਅਤੇ ਭਾਈ ਗੁਰਮੀਤ ਸਿੰਘ ਅੰਮ੍ਰਿਤਸਰ ਵੀ ਮੌਜੂਦ ਸਨ।