ਨਵੀਂ ਦਿੱਲੀ: ਚੱਕਰਵਾਤੀ ਤੂਫ਼ਾਨ ਤਾਊਤੇ ਨਾਲ ਗੁਜਰਾਤ ਵਿਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਭਾਵਨਗਰ ਪਹੁੰਚੇ, ਜਿੱਥੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਉਹਨਾਂ ਦਾ ਸਵਾਗਤ ਕੀਤਾ।
ਉਹਨਾਂ ਨੇ ਟਵੀਟ ਕਰਕੇ ਦੱਸਿਆ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵਨਗਰ ਪਹੁੰਚ ਗਏ ਹਨ। ਉਹ ਚੱਕਰਵਾਤ ਤਾਊਤੇ ਨਾਲ ਪ੍ਰਭਾਵਿਤ ਇਲਾਕੇ ਅਮਰੇਲੀ, ਗਿਰ ਸੋਮਨਾਥ ਅਤੇ ਭਾਵਨਗਰ ਜ਼ਿਲ੍ਹੇ ਦਾ ਹਵਾਈ ਦੌਰਾ ਕਰਨਗੇ’। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਅਹਿਮਦਾਬਾਦ ਵਿਚ ਇਕ ਬੈਠਕ ਵੀ ਕਰਨਗੇ, ਜਿਸ ਵਿਚ ਕਈ ਅਧਿਕਾਰੀ ਮੌਜੂਦ ਰਹਿਣਗੇ।
ਚੱਕਰਵਾਤੀ ਤੂਫ਼ਾਨ ਨਾਲ ਗੁਜਰਾਤ ਦੇ ਤੱਟੀ ਇਲਾਕਿਆਂ ਵਿਚ ਭਾਰੀ ਨੁਕਸਾਨ ਹੋਇਆ ਹੈ। ਬਿਜਲੀ ਦੇ ਖੰਭੇ, ਦਰੱਖਤ ਉਖੜ ਗਏ ਅਤੇ ਬਹੁਤ ਸਾਰੀਆਂ ਥਾਵਾਂ ’ਤੇ ਮਕਾਨ ਡਿੱਗ ਗਏ। ਇਸ ਦੌਰਾਨ 45 ਲੋਕਾਂ ਦੀ ਮੌਤ ਵੀ ਹੋ ਗਈ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ (ਐਨਡੀਆਰਐਫ਼) ਦੇ ਡੀਜੀ ਐਸ ਐਨ ਪ੍ਰਧਾਨ ਦਾ ਕਹਿਣਾ ਹੈ ਕਿ ਤੂਫ਼ਾਨ ਦਾ ਸਭ ਤੋਂ ਭੈੜਾ ਪੜਾਅ ਲੰਘ ਗਿਆ ਹੈ |
ਗੁਜਰਾਤ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਨਾਲ 40,000 ਦਰੱਖਤ ਉਖੱੜ ਗਏ ਹਨ ਅਤੇ 16,500 ਕੱਚੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ 70 ਹਜ਼ਾਰ ਤੋਂ ਜ਼ਿਆਦਾ ਬਿਜਲੀ ਦੇ ਖੰਭੇ ਉਖੱੜ ਗਏ ਜਦਕਿ 5951 ਪਿੰਡਾਂ ਦੀ ਬਿਜਲੀ ਚਲੀ ਗਈ। 122 ਕੋਵਿਡ ਹਸਪਤਾਲਾਂ ਵਿਚ ਬਿਜਲੀ ਸਪਲਾਈ ਵਿਚ ਵੀ ਸਮੱਸਿਆ ਹੈ।