ਬੀਤੇ ਦਿਨ ਪਿੰਡ ਬੀੜ ਤਲਾਬ ਦੇ ਗੁਰਦੁਆਰਾ ਸਾਹਿਬ ‘ਚ ਡੇਰਾ ਮੁਖੀ ਦੀ ਰਿਹਾਈ ਲਈ ਅਰਦਾਸ ਕਰਨ ਵਾਲੇ ਗੁਰਮੇਲ ਸਿੰਘ ਨੂੰ ਪੁਲਿਸ ਨੇ ਅੱਜ ਬਠਿੰਡਾ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਹੋਰ ਪੁੱਛਗਿੱਛ ਕਰਨ ਲਈ ਉਸ ਨੂੰ 3 ਦਿਨਾਂ ਲਈ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ। ਬਠਿੰਡਾ ਦੇ ਪਿੰਡ ਬੀੜ ਤਲਾਬ ਦੇ ਇਕ ਗੁਰਦੁਆਰਾ ਸਾਹਿਬ ‘ਚ ਪਿਛਲੇ ਦਿਨੀਂ ਇਕ ਗ੍ਰੰਥੀ ਸਿੰਘ ਵੱਲੋਂ ਬਲਾਤਕਾਰੀ ਗੁਰਮੀਤ ਰਾਮ ਰਹੀਮ ਦੀ ਰਿਹਾਈ ਲਈ ਅਰਦਾਸ ਕੀਤੀ ਗਈ ਸੀ। ਜਿਸ ਨੂੰ ਲੈ ਕੇ ‘ਤੇ ਹੰਗਾਮਾ ਹੋ ਗਿਆ, ਜਿਸ ਤੋਂ ਬਾਅਦ ਗ੍ਰੰਥੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਦਰਅਸਲ ਗੁਰਮੇਲ ਸਿੰਘ ਨੇ ਡੇਰਾ ਸਿਰਸਾ ਦੇ ਮੁਖੀ ਦੀ ਜੇਲ੍ਹ ‘ਚੋਂ ਰਿਹਾਈ, ਦਲਿਤਾਂ ਦਾ ਮੁੱਖ ਮੰਤਰੀ ਬਣਾਉਣ ਤੇ ਦਲਿਤਾਂ ‘ਤੇ ਹੁੰਦੇ ‘ਅੱਤਿਆਚਾਰ’, ਪ੍ਰਧਾਨ ਮੰਤਰੀ ਦਾ ਦਲਿਤ ਮੁੱਖ ਮੰਤਰੀ ਬਣਾਉਣ ਦਾ ‘ਸੁਪਨਾ’ ਪੂਰਾ ਕਰਨ ਬਾਰੇ ਅਰਦਾਸ ਕੀਤੀ ਗਈ ਸੀ।ਅਰਦਾਸ ਤੋਂ ਬਾਅਦ ਐਸਐਸਪੀ ਬਠਿੰਡਾ ਦੇ ਹੁਕਮਾਂ ਤਹਿਤ ਥਾਣਾ ਸਦਰ ਬਠਿੰਡਾ ਵਿੱਚ ਅਰਦਾਸ ਕਰਨ ਵਾਲੇ ਪਾਠੀ ਗੁਰਮੇਲ ਸਿੰਘ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਆਈਪੀਸੀ ਦੀ ਧਾਰਾ 295-ਏ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਸ਼ੁੱਕਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸਨੂੰ ਤਿੰਨ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਉਧਰ ਇਸ ਕੇਸ ‘ਚ ਸਿੱਖ ਮਸਲਿਆਂ ’ਤੇ ਆਵਾਜ਼ ਚੁੱਕਣ ਵਾਲੇ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਪਾਠੀ ਗੁਰਮੇਲ ਸਿੰਘ ਦੇ ਨਾਲ ਕਈ ਹੋਰ ਵੀ ਲੋਕ ਜੁੜੇ ਹੋਏ ਨੇ ਤੇ ਇਸ ਸਭ ਘੜੀ ਮਿੱਥੀ ਸਾਜਿਸ਼ ਤਹਿਤ ਕੀਤਾ ਗਿਆ ਤੇ ਨਾਲ ਹੀ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਏਸ ਸਭ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਤੇ ਪੰਜਾਬ ‘ਚ ਕਿਸਾਨ ਭਾਜਪਾ ਦਾ ਵਿਰੋਧ ਕਰ ਰਹੇ ਨੇ ਅਜਿਹੇ ‘ਚ ਭਾਜਪਾ ਧਰਮ ‘ਤੇ ਸਿਆਸਤ ਖੇਡ ਰਹੀ ਹੈ ਤੇ ਪੰਜਾਬ ‘ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।