ਪਟਿਆਲਾ ‘ਚ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ‘ਤੇ ਪੁਲਿਸ ਨੇ ਫਿਰ ਤੋਂ ਲਾਠੀਚਾਰਜ ਕੀਤਾ। ਦਰਅਸਲ ਆਪਣੀ ਮੰਗਾਂ ਨੂੰ ਲੈ ਕੇ ਅੱਜ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਮੋਤੀ ਮਹਿਲ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਲਾਠੀਚਾਰਜ ਕੀਤਾ ਤੇ ਇਸ ਦੌਰਾਨ ਕਈ ਅਧਿਆਪਕਾਂ ਦੇ ਸੱਟਾਂ ਵੀ ਵੱਜੀਆਂ ਹਨ।
ਬੇਰੁਜ਼ਗਾਰ ਅਧਿਆਪਕਾਂ ਵੱਲੋਂ ਲੀਲਾ ਭਵਨ ਤੋਂ ਰੋਸ ਮਾਰਚ ਸ਼ੁਰੂ ਕੀਤਾ ਗਿਆ। ਜਦੋਂ ਪਟਿਆਲਾ ਪ੍ਰਸ਼ਾਸਨ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਣ ਲਈ ਵਾਈਪੀਐਸ ਚੌਕ ਦੇ ਉਪਰ ਖੜ੍ਹਾ ਸੀ ਤਾਂ ਬੇਰੁਜ਼ਗਾਰ ਅਧਿਆਪਕਾਂ ਨੇ ਪ੍ਰਸ਼ਾਸਨ ਨੂੰ ਭੁਲੇਖਾ ਪਾਉਂਦੇ ਹੋਏ ਦੂਜੇ ਪਾਸੇ ਦੀ ਮੋਤੀ ਮਹਿਲ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ । ਜਦੋਂ ਬੇਰੁਜ਼ਗਾਰ ਅਧਿਆਪਕ ਮੋਤੀ ਮਹਿਲ ਵੱਲ ਵਧ ਰਹੇ ਸੀ ਤਾਂ ਪ੍ਰਸ਼ਾਸਨ ਵੱਲੋਂ ਭਾਰੀ ਪੁਲੀਸ ਬਲ ਲਗਾ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਿਆ ਗਿਆ ਪਹਿਲਾ ਬੈਰੀਗੇਟ ਬੇਰੋਜ਼ਗਾਰ ਅਧਿਆਪਕਾਂ ਨੇ ਉਖਾੜਦੇ ਹੋਏ ਜਦੋਂ ਦੂਜੇ ਬੈਰੀਗੇਟ ‘ਤੇ ਪਹੁੰਚੇ ਤਾਂ ਬੇਰੁਜ਼ਗਾਰ ਅਧਿਆਪਕਾਂ ਉਪਰ ਲਾਠੀ ਚਾਰਜ ਕਰਕੇ ਤਸ਼ੱਦਦ ਢਾਹਿਆ ਗਿਆ।
ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਲਗਾਤਾਰ ਦੋ ਮਹੀਨਿਆਂ ਤੋਂ ਮੀਟਿੰਗਾਂ ਵਿਚ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨਾਲ ਮੰਗਾਂ ਮੰਨਣ ਦਾ ਮਜ਼ਾਕ ਕੀਤਾ ਜਾ ਰਿਹਾ ਹੈ ਤਾਂ ਕਿ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲਮਕਾਇਆ ਜਾ ਸਕੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰ ਅਧਿਆਪਕ ਪੰਜਾਬ ਸਰਕਾਰ ਦੇ ਹੁਣ ਕਿਸੇ ਵੀ ਲਾਰੇ ਵਿਚ ਨਹੀਂ ਆਉਣਗੇ ਜਦੋਂ ਤੱਕ ਬੇਰੁਜ਼ਗਾਰ ਅਧਿਆਪਕਾਂ ਦੀ ਮੰਗਾਂ ਲਿਖਤੀ ਰੂਪ ‘ਚ ਜਾਰੀ ਨਹੀਂ ਕੀਤੇ ਜਾਂਦਾ ਜਦੋਂ ਤੱਕ ਬੇਰੁਜ਼ਗਾਰੀ ਅਧਿਆਪਕਾਂ ਦੀਆਂ ਮੰਗਾਂ ਨੂੰ ਲਿਖਤੀ ਰੂਪ ‘ਚ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਬੇਰੁਜ਼ਗਾਰ ਅਧਿਆਪਕ ਵੱਲੋਂ ਗੁਪਤ ਐਕਸ਼ਨ ਜਾਰੀ ਰਹਿਣਗੇ।