ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਇੱਕ ਵਾਰ ਫਿਰ ਤੋਂ ਕਿਸਾਨ ਦੇ ਹੱਕ ‘ਚ ਵੱਡਾ ਬਿਆਨ ਦਿੱਤਾ। ਸੱਤਿਆਪਾਲ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਗਲਤ ਰਸਤੇ ‘ਤੇ ਚੱਲ ਰਹੇ ਹਨ ਤੇ ਇਹ ਦੋਵੇਂ ਕਿਸਾਨਾਂ ਨੂੰ ਦਬਾਉਣ, ਡਰਾਉਣ ਤੇ ਧਮਕਾਉਣ ਦਾ ਕੰਮ ਨਾ ਕਰਨ। ਦਰਅਸਲ ਸੱਤਿਆਪਾਲ ਮਲਿਕ ਨੇ ਦਾਦਰੀ ਤੋਂ ਅਜ਼ਾਦ ਵਿਧਾਇਕ ਅਤੇ ਸਾਂਗਵਾਨ ਖਾਪ ਪ੍ਰਧਾਨ ਸੋਮਵੀਰ ਸਾਂਗਵਾਨ ਨੂੰ ਚਿੱਠੀ ਲਿਖੀ ਹੈ ਤੇ ਇਸ ਚਿੱਠੀ ‘ਚ ਸੱਤਿਆਪਾਲ ਮਲਿਕ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅੰਦੋਲਨ ‘ਚ 300 ਤੋਂ ਵੱਧ ਕਿਸਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਵੀ ਸਰਕਾਰ ਨੇ ਕੋਈ ਅਫ਼ਸੋੋਸ ਨਹੀਂ ਜਤਾਇਆ।ਸਰਕਾਰ ਦਾ ਰਵੱਈਆ ਬਹੁਤ ਹੀ ਨਿੰਦਣਯੋਗ ਹੈ। ਮਲਿਕ ਨੇ ਕਿਹਾ ਕਿ ਕਿਸਾਨਾਂ ਨਾਲ ਦੁਬਾਰਾ ਤੋਂ ਕੋਈ ਗੱਲਬਾਤ ਸ਼ੁਰੂ ਨਾ ਕਰਕੇ ਸਰਕਾਰ ਕਿਸਾਨੀ ਅੰਦੋਲਨ ਨੂੰ ਤੋੜਨ ਅਤੇ ਬਦਾਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਸਾਰੇ ਕਿਸਾਨਾਂ ਨੂੰ ਸ਼ਾਬਾਸ਼ੀ ਦੇਣਾ ਚਾਹੁੰਦਾ ਹਾਂ ਕਿ ਉਹ ਸਰਕਾਰ ਦੇ ਛਲਾਵੇ ‘ਚ ਨਾ ਫਸੇ ਨੇ ਤੇ ਨਾ ਫਸਣ ਤੇ ਆਪਣਾ ਏਕਾ ਬਣਾਏ ਰੱਖਣ। ਸੱਤਿਆਪਾਲ ਮਲਿਕ ਨੇ ਦੱਸਿਆ ਕਿ ਉਨ੍ਹਾਂ ਨੇ ਕਿਸਾਨੀ ਮੁੱਦੇ ‘ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਸੁਝਾਅ ਦਿੱਤਾ ਸੀ। ਓਹਨਾ ਕਿਹਾ ਕਿ ਕਿਸਾਨਾਂ ਨਾਲ ਇਨਸਾਫ਼ ਕਰੋ ਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨ ਲਿਆ ਜਾਵੇ। ਮਲਿਕ ਨੇ ਚਿੱਠੀ ‘ਚ ਲਿਖਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਗਲਤ ਰਸਤੇ ‘ਤੇ ਚੱਲ ਰਹੇ ਹਨ ਤੇ ਕਿਸਾਨਾਂ ਨੂੰ ਦਬਾਉਣ, ਡਰਾਉਣ ਤੇ ਧਮਕਾਉਣ ਦੀ ਕੋਸ਼ਿਸ਼ ਨਾ ਕਰਨ। ਮੈਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਚੋਂ ਖਾਲੀ ਹੱਥ ਨਾ ਭੇਜਿਓ। ਇਸਦੇ ਨਾਲ ਹੀ ਮਲਿਕ ਨੇ ਦੱਸਿਆ ਕਿ ਉਹ ਮਈ ਮਹੀਨੇ ਦੇ ਪਹਿਲੇ ਹਫ਼ਤੇ ਦਿੱਲੀ ਆ ਰਹੇ ਹਨ ਤੇ ਤਮਾਮ ਆਗੂਆਂ ਨਾਲ ਸੰਪਰਕ ਕਰਕੇ ਕਿਸਾਨਾਂ ਦੇ ਪੱਖ ‘ਚ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਕਿਸਾਨਾਂ ਤੇ ਖਾਪ ਪੰਚਾਇਤਾ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਦੇ ਨਾਲ ਖੜੇ ਹਨ। ਸੱਤਿਆਪਾਲ ਮਲਿਕ ਨੇ ਇਹ ਚਿੱਠੀ ਦਾਦਰੀ ਤੋਂ ਅਜ਼ਾਦ ਵਿਧਾਇਕ ਤੇ ਸਾਂਗਵਾਨ ਖਾਪ -40 ਦੇ ਪ੍ਰਧਾਨ ਸੋਮਵੀਰ ਸਾਂਗਵਾਨ ਦੀ ਚਿੱਠੀ ਦੇ ਜਵਾਬ ‘ਚ ਲਿਖੀ ਹੈ। ਸਾਂਗਵਾਨ ਨੇ ਰਾਜਪਾਲ ਸੱਤਿਆਪਾਲ ਮਲਿਕ ਸਹਿਯੋਗ ਦੀ ਮੰਗ ਕੀਤੀ ਸੀ। ਰਾਜਪਾਲ ਵੱਲੋਂ ਜਵਾਬ ਸਕਾਰਾਤਮਕ ਮਿਲਆ ਹੈ ਉਮੀਦ ਹੈ ਕਿ ਸੱਤਿਆਪਾਲ ਮਲਿਕ ਦੇ ਇਸ ਮਾਮਲੇ ‘ਚ ਦਖ਼ਲ ਦੇਣ ਨਾਲ ਅੰਦੋਲਨ ਕਿਸੇ ਅੰਜਾਮ ਤੱਕ ਪਹੁੰਚ ਜਾਵੇਗਾ।