ਦਿੱਲੀ ਲਾਲ ਕਿਲ੍ਹਾ ਘਟਨਾ ਦੇ ਮਾਮਲੇ ’ਚ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰੀ ਉਪਰੰਤ ਰਿਹਾਅ ਹੋਏ ਅਦਾਕਾਰ ਦੀਪ ਸਿੱਧੂ ਅੱਜ ਆਪਣੇ ਜੱਦੀ ਪਿੰਡ ਉਦੇਕਰਨ ਪਹੁੰਚੇ। ਇਸ ਦੌਰਾਨ ਦੀਪ ਸਿੱਧੂ ਨੇ ਕਿਹਾ ਕਿ ਹੁਣ ਦਿੱਲੀ ‘ਚ ਬੈਠੀਆਂ ਕਿਸਾਨ ਜਥੇਬੰਦੀਆਂ ਨੂੰ ਕੋਈ ਠੋਸ ਪ੍ਰੋਗਰਾਮ ਦੇਣਾ ਚਾਹੀਦਾ ਹੈ ਤੇ ਉਹ ਜਥੇਬੰਦੀਆ ਦੇ ਪ੍ਰੋਗਰਾਮ ਵਿੱਚ ਪੂਰਾ ਯੋਗਦਾਨ ਪਾਉਣਗੇ, ਪਰ ਜਰੂਰੀ ਹੈ ਕਿ ਕਿਸੇ ਠੋਸ ਪ੍ਰੋਗਰਾਮ ਤੋਂ ਪਹਿਲਾਂ ਆਪਸ ’ਚ ਸਿਰ ਜੋੜ ਬੈਠਿਆ ਜਾਵੇ। ਦੀਪ ਸਿੱਧੁ ਨੇ ਕਿਹਾ ਕਿ 26 ਜਨਵਰੀ ਨੂੰ ਕੁੱਝ ਵੀ ਗਲਤ ਨਹੀਂ ਸੀ ਹੋਇਆ ਪਰ ਕੱੁਝ ਕਿਸਾਨ ਆਗੂਆਂ ਨੇ ਉਨ੍ਹਾਂ ਬੰਦਿਆਂ ’ਤੇ ਹੀ ਦੂਸ਼ਣਬਾਜ਼ੀ ਸ਼ੁਰੂ ਕਰ ਦਿੱਤੀ, ਜੋ ਕਿ ਸੰਘਰਸ਼ ਦੇ ਸ਼ੁਰੂ ਤੋਂ ਨਾਲ ਸਨ। ਦੀਪ ਸਿੱਧੂ ਨੇ ਕਿਹਾ ਕਿ ਇਸ ਸਮੇਂ ਆਪਸ ’ਚ ਬੰਦੇ ਜੋੜਣੇ ਚਾਹੀਦੇ ਨਾ ਕਿ ਤੋੜਣੇ ਚਾਹੀਦੇ ਹਨ। ਲੱਖਾ ਸਿਧਾਣਾ ਦੇ ਮਾਮਲੇ ’ਚ ਦੀਪ ਸਿੱਧੂ ਨੇ ਕਿਹਾ ਕਿ ਰਿਹਾਈ ਤੋਂ ਬਾਅਦ ਉਨ੍ਹਾਂ ਨਾਲ ਲੱਖਾ ਸਿਧਾਣਾ ਦਾ ਕੋਈ ਮੇਲ ਨਹੀਂ ਹੋਇਆ, ਪਰ ਉਹ ਅੱਜ ਵੀ ਕਹਿੰਦੇ ਕਿ ਜਿਸ ਤਰ੍ਹਾਂ ਦੀ ਲੋੜ ਲੱਖਾ ਸਿਧਾਣਾ ਜਾਂ ਕਿਸੇ ਹੋਰ ਵੀ ਸੰਘਰਸ਼ ਨਾਲ ਜੁੜੇ ਵਿਅਕਤੀ ਨੂੰ ਹੋਵੇਗੀ, ਉਹ ਮਦਦ ਕਰਨਗੇ।