ਟੋਕੀਓ ਓਲੰਪਿਕਸ ਵਿਚ ਭਾਰਤ ਦੇ ਸਟਾਰ ਨੇਜਾ ਸੁੱਟਣ ਵਾਲੇ ਨੀਰਜ ਤੋਪੜਾ ਤੋਂ ਵੀ ਦੇਸ਼ ਨੂੰ ਗੋਲਡ ਮੈਡਲ ਦੀ ਆਸ ਹੈ। 23 ਸਾਲਾ ਨੀਰਜ ਕੁਆਲੀਫਿਕੇਸ਼ਨ ਰਾਊਂਡ ਵਿਚ ਇਨ੍ਹਾਂ ਉਮੀਦਾਂ ‘ਤੇ ਖਰੇ ਉੱਤਰਦੇ ਦਿਖਾਈ ਦਿੱਤਾ ਹੈ। ਉਨ੍ਹਾਂ ਨੇ ਆਪਣੀ ਪਹਿਲੀ ਕੋਸ਼ਿਸ਼ ਵਿਚ ਹੀ ਨੇਜਾ ਥ੍ਰੋ ਨੂੰ ਕੁਆਲੀਫਿਕੇਸ਼ਨ ਮਾਰਕਤੋਂ ਕਿਤੇ ਜ਼ਿਆਦਾ ਦੂਰ ਸੁੱਟ ਕੇ ਆਪਣੇ ਵਿਰੋਧੀ ਨੂੰ ਸਖ਼ਤ ਸੰਦੇਸ਼ ਭੇਜ ਦਿੱਤਾ ਹੈ।
ਨੀਰਜ ਚੋਪੜਾ ਨੇ ਨੇਜਾ ਸੁੱਟਣ (ਜੈਵਲਿਨ ਥ੍ਰੋਅ) ਦੇ ਗਰੁੱਪ-ਏ ਕੁਆਲੀਫਿਕੇਸ਼ਨ ਮੁਕਾਬਲੇ ਵਿਚ 83.50 ਮੀਟਰ ਦਾ ਕੁਆਲੀਫਿਕੇਸ਼ਨ ਹਾਸਲ ਕਰਦੇ ਹੋਏ ਫਾਈਨਲ ਵਿਚ ਥਾਂ ਪੱਕੀ ਕਰ ਲਈ। ਨੀਰਜ ਚੋਪੜਾ ਨੇ ਆਪਣੇ ਪਹਿਲੇ ਯਤਨ ਵਿਚ ਹੀ 86.65 ਮੀਟਰ ਨੇਜਾ ਸੁੱਟ ਦਿੱਤਾ ਸੀ। ਜਦਕਿ ਭਾਰਤ ਦੇ ਸ਼ਿਵਪਾਲ ਸਿੰਘ ਫਾਈਨਲ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਏ। ਨੀਰਜ ਲਈ ਇਹ ਪਲ ਇਸ ਲਈ ਵੀ ਖਾਸ ਹੈ ਕਿਉਂਕਿ ਇਹ ਉਨ੍ਹਾਂ ਦਾ ਓਲੰਪਿਕ ਖੇਡਾਂ ਵਿਚ ਡੈਬਿਊ ਹੈ। ਪਰ ਆਪਣੀ ਪਹਿਲੀ ਕੋਸ਼ਿਸ਼ ਵਿਚ ਉਨ੍ਹਾਂ ਨੇ ਇਹ ਦੱਸ ਦਿੱਤਾ ਕਿ ਉਹ ਖੇਡਾਂ ਦੇ ਇਸ ਸਭ ਤੋਂ ਵੱਡੇ ਮੰਚ ‘ਤੇ ਕਿਸ ਮਕਸਦ ਨਾਲ ਇਥੇ ਪਹੁੰਚੇ ਹਨ। ਪੂਰੇ ਦੇਸ਼ ਨੂੰ ਉਨ੍ਹਾਂ ਤੋਂ ਤਮਗੇ ਦੀ ਉਮੀਦ ਹੈ।