ਪਟਿਆਲਾ ਵਿਖੇ ਬਨੂੜ ਦੇ ਰਹਿਣ ਵਾਲੇ ਦੋ ਨੌਜਵਾਨਾਂ ਦਾ ਭਾਖੜਾ ਨਹਿਰ ‘ਚ ਡੁੱਬ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਦੋਵੇਂ ਨੌਜਵਾਨ ਵਿਦਿਆਰਥੀ ਦੱਸੇ ਜਾ ਰਹੇ ਹਨ ਜੋ ਕਿ ਪੇਪਰ ਦੇਣ ਤੋਂ ਬਾਅਦ ਭਾਖੜਾ ਨਹਿਰ ‘ਚ ਨਹਾਉਣ ਲਈ ਗਏ ਸਨ ਤੇ ਨਹਾਉਂਦੇ ਸਮੇਂ ਇਹ ਦੋਵੇਂ ਪਾਣੀ ਦੇ ਤੇਜ਼ ਵਹਾਅ ਵਿਚ ਡੁੱਬ ਗਏ ਜਿਸ ਕਰਕੇ ਦੋਵਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਗੋਤਖੋਰਾਂ ਦੀ ਟੀਮ ਵਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ।
ਦੱਸ ਦੇਈਏ ਕਿ ਇਕ ਨਿੱਜੀ ਸਕੂਲ ਵਿਚ 10ਵੀਂ ਦੇ ਪੇਪਰ ਦੇਣ ਆਏ ਵਿਦਿਆਰਥੀ ਜਦੋਂ ਘਰ ਵਾਪਿਸ ਨਹੀਂ ਮੁੜੇ ਤਾਂ ਮਾਪਿਆਂ ਨੇ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੂੰ ਭਾਖੜਾ ਨਹਿਰ ਵਿਚੋਂ ਦੋ ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲਣ ਦੀ ਜਾਣਕਾਰੀ ਮਿਲੀ। ਦੋਵੇਂ ਵਿਦਿਆਰਥੀਆਂ ਦੀ ਉਮਰ ਲਗਭਗ 17 ਤੋਂ 19 ਸਾਲ ਦੀ ਸੀ। ਪਰਿਵਾਰਾਂ ਨੂੰ ਜਦੋਂ ਆਪਣੇ ਬੱਚਿਆਂ ਦੀਆਂ ਮੌਤਾਂ ਦਾ ਪਤਾ ਲੱਗਾ ਤਾਂ ਲਾਸ਼ਾਂ ਦੇਖ ਕੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।