ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਇਹ ਲਗਾਤਾਰ ਬਿਨਾ ਬਰੇਕ ਵੱਧ ਰਹੀਆਂ ਹਨ | ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 35 ਪੈਸੇ ਤੇ ਡੀਜ਼ਲ ਦਾ 17 ਪੈਸੇ ਪ੍ਰਤੀ ਲਿਟਰ ਵੱਧ ਗਿਆ ਹੈ। ਇਸ ਨਵੇਂ ਵਾਧੇ ਨਾਲ ਕੌਮੀ ਰਾਜਧਾਨੀ ਦਿੱਲੀ ’ਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਦਿੱਲੀ ’ਚ ਪੈਟਰੋਲ 100.21 ਰੁਪਏ ਪ੍ਰਤੀ ਲਿਟਰ ਦੇ ਭਾਅ ਨੂੰ ਵਿਕਿਆ ਜਦੋਂਕਿ ਡੀਜ਼ਲ ਦਾ ਭਾਅ ਵਧ ਕੇ 89.53 ਰੁਪਏ ਪ੍ਰਤੀ ਲਿਟਰ ਨੂੰ ਪੁੱਜ ਗਿਆ। ਮੁੰਬਈ, ਚੇਨੱਈ, ਹੈਦਰਾਬਾਦ, ਬੰਗਲੂਰੂ ਤੇ ਪੁਣੇ ਜਿਹੇ ਮੈਟਰੋ ਸ਼ਹਿਰਾਂ ਵਿੱਚ ਪੈਟਰੋਲ ਪਹਿਲਾਂ ਹੀ ਸੈਂਕੜਾ ਮਾਰ ਚੁੱਕਾ ਹੈ। ਕੋਲਕਾਤਾ ਵਿੱਚ ਵੀ ਅੱਜ ਪੈਟਰੋਲ ਦੀ ਕੀਮਤ 100 ਰੁਪਏ ਦੇ ਮੀਲਪੱਥਰ ਨੂੰ ਪਾਰ ਕਰ ਗਈ। ਮੁੰਬਈ ਤੇ ਚੇਨੱਈ ’ਚ ਪੈਟਰੋਲ ਦੀ ਕੀਮਤ ਕ੍ਰਮਵਾਰ 106.25 ਰੁਪਏ ਤੇ 101.06 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਿਲੰਗਾਨਾ, ਕਰਨਾਟਕ, ਜੰਮੂ ਕਸ਼ਮੀਰ, ਉੜੀਸਾ, ਤਾਮਿਲ ਨਾਡੂ, ਕੇਰਲਾ, ਬਿਹਾਰ, ਲੱਦਾਖ, ਸਿੱਕਮ ਤੇ ਪੁੱਡੂਚੇਰੀ ’ਚ ਪੈਟਰੋਲ ਦਾ ਭਾਅ ਪਹਿਲਾਂ ਹੀ ਸੌ ਰੁਪਏ ਪ੍ਰਤੀ ਲਿਟਰ ਤੋਂ ਉੱਤੇ ਹੈ। ਚਾਰ ਮਈ ਮਗਰੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਇਹ ਕ੍ਰਮਵਾਰ 36ਵਾਂ ਤੇ 34ਵਾਂ ਵਾਧਾ ਹੈ।
ਮੋਦੀ ਸਰਕਾਰ ਟੈਕਸ ਵਸੂਲੀ ’ਤੇ ਚੱਲਦੀ ਹੈ: ਰਾਹੁਲ ਗਾਂਧੀ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਤੇਲ ਕੀਮਤਾਂ ’ਚ ਵਾਧੇ ਲਈ ਕੇਂਦਰ ਸਰਕਾਰ ਨੂੰ ਭੰਡਦਿਆਂ ਕਿਹਾ ਕਿ ਮੋਦੀ ਸਰਕਾਰ ‘ਟੈਕਸਾਂ ਦੇ ਰੂਪ ਵਿੱਚ ਕੀਤੀ ਜਬਰੀ ਵਸੂਲੀ’ ਉੱਤੇ ਚਲ ਰਹੀ ਹੈ। ਰਾਹੁਲ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਤੁਹਾਡੀ ਕਾਰ ਭਾਵੇਂ ਪੈਟਰੋਲ ਜਾਂ ਡੀਜ਼ਲ ’ਤੇ ਚੱਲਦੀ ਹੋਵੇ, ਪਰ ਮੋਦੀ ਸਰਕਾਰ ਟੈਕਸ ਵਸੂਲੀ ਉੱਤੇ ਚੱਲਦੀ ਹੈ।’’