2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੇਅਦਬੀਆਂ ਦਾ ਮੁੱਦਾ ਪੂਰੀ ਤਰ੍ਹਾਂ ਭੱਖ ਚੁੱਕਾ ਹੈ । ਇਸ ਮੁੱਦੇ ਨੂੰ ਲੈ ਕੇ ਕਾਂਗਰਸ ਆਗੂ ਨਵਜੋਤ ਸਿੱਧੂ ਆਪਣੀ ਹੀ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡਦੇ। ਸਿੱਧੂ ਨੇ ਇੱਕ ਵਾਰ ਫਿਰ ਬੇਅਦਬੀ ਮਾਮਲਿਆਂ ‘ਤੇ ਟਵੀਟ ਕਰਕੇ ਮੁੱਖ ਮੰਤਰੀ ਕੈਪਟਨ ਨੂੰ ਸਿੱਧੇ ਸਵਾਲ ਪੁੱਛੇ ਹਨ ਤੇ ਨਾਲ ਹੀ ਬੇਅਦਬੀ ਕੇਸ ਨੂੰ ਠੰਡੇ ਬਸਤੇ ‘ਚ ਪਾਉਣ ਦਾ ਇਲਜ਼ਾਮ ਲਗਾਇਆ ਹੈ। ਸਿੱਧੂ ਨੇ ਪੁੱਛਿਆ ਕਿ ਚਾਰਜਸ਼ੀਟ ਦੇ ਪੇਸ਼ ਹੋਣ ਦੇ ਦੋ ਸਾਲ ਬਾਅਦ ਵੀ ਬਾਦਲਾਂ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ।
ਸਿੱਧੂ ਨੇ ਟਵੀਟ ਕਰ ਲਿਿਖਆ- ਜੇ ਚਾਰਜਸ਼ੀਟ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਨਾਮ ਆਉਣ ਤੋਂ ਦੋ ਸਾਲ ਬਾਅਦ ਵੀ ਉਨ੍ਹਾਂ ਖਿਲਾਫ਼ ਚਲਾਨ ਪੇਸ਼ ਨਹੀਂ ਹੋਇਆ ਅਤੇ ਨਾ ਹੀ ਉਨ੍ਹਾਂ ਦਾ ਨਾਮ ਐਫ.ਆਈ.ਆਰ. ‘ਚ ਪਾਇਆ ਗਿਆ। ਇਨਸਾਫ਼ ਕਿਵੇਂ ਮਿਲੇਗਾ ? ਇਨ੍ਹਾਂ ਦੋਹਾਂ ਵਿਰੁੱਧ ਸਬੂਤ ਅਦਾਲਤ ਸਾਹਮਣੇ ਕਿਉਂ ਪੇਸ਼ ਨਹੀਂ ਕੀਤੇ ਗਏ ? ਪੰਜਾਬ ਦੇ ਸਭ ਤੋਂ ਅਹਿਮ ਕੇਸ ਨੂੰ ਠੰਢੇ ਬਸਤੇ ‘ਚ ਪਾਉਣ ਤੇ ਲੀਹੋਂ ਲਾਹੁਣ ਲਈ ਕੌਣ ਜ਼ੁੰਮੇਵਾਰ ਹੈ ? ਇਸ ਤੋਂ ਪਹਿਲਾਂ ਵੀ ਸਿੱਧੂ ਮੁੱਖ ਮੰਤਰੀ ਨੂੰ ਸ਼ਰੇਆਮ ਇਸ ਮਾਮਲੇ ‘ਤੇ ਘੇਰ ਚੁੱਕੇ ਹਨ । ਬੀਤੇ ਦਿਨ ਸਿੱਧੂ ਨੇ ਟਵੀਟ ਕਰ ਕਿਹਾ ਸੀ ਕਿ ਕੀ ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ਨਹੀਂ ਸੀ ? ਆਪਣੀ ਜ਼ੁੰਮੇਵਾਰੀ ਕਿਸੇ ਸਿਰ ਮੜ੍ਹਣੀ ਤੇ ਕੇਵਲ ਐਡਵੋਕੇਟ ਜਨਰਲ ਨੂੰ ਹੀ ਬਲੀ ਦਾ ਬੱਕਰਾ ਬਣਾਉਣ ਦਾ ਮਤਲਬ ਹੈ ਨਜ਼ਰਸਾਨੀ ਦਾ ਕੰਟਰੋਲ ਕਾਰਜਕਾਰੀ ਅਥਾਰਟੀ ਦੇ ਹੱਥਾਂ ‘ਚ ਨਹੀਂ ਹੈ। ਫਿਰ ਲਗਾਮ ਕਿਸ ਦੇ ਹੱਥ ਹੈ ? ਜ਼ੁੰਮੇਵਾਰੀਆਂ ਤੋਂ ਭੱਜਣ ਦੀ ਇਸ ਖੇਡ ਵਿੱਚ ਲੀਗਲ ਟੀਮ ਦੇ ਮੈਂਬਰ ਤਾਂ ਮਹਿਜ ਪਿਆਦੇ ਹਨ।