ਮਮਤਾ ਬੈਨਰਜੀ ਨੇ ਅੱਜ ਬੰਗਾਲ ਦੀ ਮੁੱਖ ਮੰਤਰੀ ਦੇ ਤੌਰ ‘ਤੇ ਸਹੁੰ ਚੁੱਕ ਲਈ ਹੈ। ਇਸਦੇ ਨਾਲ ਹੀ ਮਮਤਾ ਬੈਨਰਜੀ ਤੀਜੀ ਵਾਰ ਪੱਛਮੀ ਬੰਗਲ ਦੀ ਮੁੱਖ ਮੰਤਰੀ ਬਣ ਗਏ ਹਨ। ਮਮਤਾ ਬੈਨਰਜੀ ਨੇ ਬੰਗਾਲੀ ਭਾਸ਼ਾ ਵਿੱਚ ਸਹੁੰ ਚੁੱਕੀ। ਰਾਜਪਾਲ ਜਗਦੀਪ ਧਨਖੜ ਵੱਲੋਂ ਉਨ੍ਹਾਂ ਨੂੰ ਸਹੁੰ ਚੁਕਾਈ ਗਈ। ਮਮਤਾ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਰਾਜਪਾਲ ਜਗਦੀਪ ਧਨਖੜ ਨੇ ਮਮਤਾ ਨੂੰ ਸਮਝਾਉਂਦੇ ਹੋਏ ਕਿਹਾ ਕਿ ਸੂਬੇ ‘ਚ ਜਾਰੀ ਹਿੰਸਾ ਤੁਰੰਤ ਬੰਦ ਹੋਣੀ ਚਾਹੀਦੀ ਹੈ। ਉਥੇ ਹੀ ਰਾਜਪਾਲ ਜਗਦੀਪ ਧਨਖੜ ਨੇ ਕਿਹਾ ਕਿ ਲੋਕਤੰਤਰ ‘ਚ ਹਿੰਸਾ ਠੀਕ ਨਹੀਂ ਹੈ। ਹਿੰਸਾ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਮੀਦ ਹੈ ਕਿ ਮਮਤਾ ਸੰਵਿਧਾਨ ਦਾ ਪਾਲਣ ਕਰੇਗੀ। ਰਾਜਪਾਲ ਦੀ ਇਸ ਹਦਾਇਤ ‘ਤੇ ਮਮਤਾ ਨੇ ਜਵਾਬ ਦਿੱਤਾ ਕਿ ਹੁਣ ਤੱਕ ਸੂਬੇ ਦੀ ਵਿਵਸਥਾ ਚੋਣ ਕਮਿਸ਼ਨ ਕੋਲ ਸੀ। ਮੈਂ ਹੁਣ ਨਵੀਂ ਵਿਵਸਥਾ ਸ਼ੁਰੂ ਕਰੂੰਂਗੀ। ਮਮਤਾ ਨੇ ਕਿਹਾ ਕਿ ਫਿਲਹਾਲ ਸਾਡੀ ਪਹਿਲ ਕੋਵਿਡ ਦੇ ਖਿਲਾਫ਼ ਲੜਾਈ ਜਿੱਤਣਾ ਹੈ। ਮਮਤਾ ਨੇ ਬੰਗਾਲ ‘ਚ ਚੱਲ ਰਹੀ ਹਿੰਸਾ ਨੂੰ ਲੈ ਕੇ ਕਿਹਾ ਕਿ ਬੰਗਾਲ ਦੀ ਜਨਤਾ ਨੂੰ ਹਿੰਸਾ ਪਸੰਦ ਨਹੀਂ ਹੈ ਤੇ ਹਿੰਸਾ ਫੈਲਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮਮਤਾ ਬੈਨਰਜੀ ਨੇ ਬੰਗਾਲ ਦੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਮਮਤਾ ਨੇ ਕਿਹਾ ਕਿ ਅੱਜ ਤੋਂ ਬਾਅਦ ਹਿੰਸਾ ਨਹੀਂ ਹੋਣੀ ਚਾਹੀਦੀ। ਹਿੰਸਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਹੋਵੇਗੀ। ਗੌਰਤਲਬ ਹੈ ਕਿ ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਵਿਧਾਨਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ਦਰਜ ਕਰਕੇ ਇਤਿਹਾਸ ਰਚ ਦਿੱਤਾ ਹੈ ਤੇ ਲਗਾਤਾਰ ਤੀਜੀ ਵਾਰ ਸੂਬੇ ਦੀ ਸੱਤਾ ਆਪਣੇ ਕੋਲ ਬਰਕਰਾਰ ਰੱਖੀ ਹੈ। ਪਾਰਟੀ ਨੂੰ 292 ਚੋਂ 213 ਵਿਧਾਨ ਸਭਾ ਸੀਟਾਂ ਹਾਸਲ ਹੋਈਆਂ ਹਨ ਜੋ ਬਹੁਮਤ ਦੇ ਅੰਕੜੇ ਤੋਂ ਕਿਤੇ ਵੱਧ ਹਨ। ਇਨ੍ਹਾਂ ਵਿਧਾਨ ਸਭਾ ਚੋਣਾਂ ‘ਚ ਆਪਣੀ ਪੂਰੀ ਤਾਕਤ ਲਾਉਣ ਵਾਲੀ ਬੀਜੇਪੀ 77 ਸੀਟਾਂ ‘ਤੇ ਹੀ ਸਿਮਟ ਕੇ ਰਹਿ ਗਈ।