ਆਮ ਆਦਮੀ ਪਾਰਟੀ ਪੰਜਾਬ ਦੀ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਪੰਜਾਬ ਭਾਜਪਾ ਦੇ ਆਗੂਆਂ ਵਲੋਂ ਅਕਾਲੀ ਦਲ ਬਾਦਲ ‘ਚ ਜਾਣ ਦੇ ਰੁਝਾਨ ਨੂੰ ਵੱਡੀ ਸਾਜਿਸ਼ ਕਰਾਰ ਦਿੱਤਾ ਹੈ।ਦਰਅਸਲ ਬੀਤੇ ਦਿਨੀਂ ਭਾਜਪਾ ਦੇ ਇੱਕ ਨੇਤਾ ਅਨਿਲ ਜੋਸ਼ੀ ਨੇ ਜਿਨ੍ਹਾਂ ਨੇ ਭਾਜਪਾ ਛੱਡ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ।ਇਸ ‘ਤੇ ‘ਆਪ’ ਦੀ ਸੀਨੀਅਰ ਆਗੂ ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਭਾਜਪਾ ਹੁਣ ਬਾਦਲਾਂ ਦਾ ਮਖੌਟਾ ਪਾ ਕੇ ਲੋਕਾਂ ‘ਚ ਜਾਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਤੋਂ ਲੋਕਾਂ ਨੂੰ ਸੁਚੇਤ ਰਹਿਣਾ ਪਵੇਗਾ।
ਵਿਧਾਇਕਾ ਦਾ ਕਹਿਣਾ ਅਕਾਲੀ-ਭਾਜਪਾ ਸਭ ਅੰਦਰੋਂ ਘਿਓ-ਖਿਚੜੀ ਹਨ।ਐਤਵਾਰ ਨੂੰ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਗੱਠਜੋੜ ਬਰਕਰਾਰ ਹੀ ਨਹੀਂ ਸਗੋਂ ਹੋਰ ਖ਼ਤਰਨਾਕ ਅਤੇ ਨਾਪਾਕ ਰੂਪ ਲੈ ਚੁੱਕਾ ਹੈ।ਅਕਾਲੀਆਂ ਦੇ ਭੇਸ ‘ਚ ਭਾਜਪਾ ਦਾ ਇਹ ਰੂਪ ਪੰਜਾਬੀ, ਪੰਜਾਬੀਅਤ ਲਈ ਘਾਤਕ ਸਾਬਤ ਹੋਵੇਗਾ, ਇਸ ਲਈ ਸੂਬੇ ਦੇ ਲੋਕ ਇਨ੍ਹਾਂ ਮੌਕਾਪ੍ਰਸਤਾਂ ਅਤੇ ਮਖੌਟੇ ਬਾਜ਼ਾਂ ਨੂੰ ਮੂੰਹ ਨਾ ਲਗਾਉਣ।ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਈਡੀ ਕੇਸਾਂ ਸਮੇਤ ਬਹੁਤ ਸਾਰੀਆਂ ਕਮਜ਼ੋਰੀਆਂ ਦਾ ਸ਼ਿਕਾਰ ਬਾਦਲ ਪਰਿਵਾਰ ਦਾ ਕੰਟਰੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਹੱਥ ‘ਚ ਲੈ ਲਿਆ ਹੈ।