ਖੇਤੀ ਕਾਨੂੰਨਾਂ ਖਿਲਾਫ ਚੰਡੀਗੜ੍ਹ ਦੇ ਮਟਕਾ ਚੌਂਕ ‘ਚ ਪਿਛਲੇ 5 ਮਹੀਨਿਆਂ ਤੋਂ ਡਟੇ ਬਜ਼ੁਰਗ ਲਾਭ ਸਿੰਘ ਦਾ ਨਾਂਅ ਹੁਣ ਗੂਗਲ ਮੈਪ ਦੀ ਲੋਕੇਸ਼ਨ ‘ਚ ਆ ਗਿਆ ਹੈ। ਮਟਕਾ ਚੌਂਕ ਦੇ ਨਾਂਅ ਨਾਲ ਗੂਗਲ ਮੈਪਸ ‘ਤੇ ਸਰਚ ਕੀਤੇ ਜਾਣ ‘ਤੇ ਬਾਬਾ ਲਾਭ ਸਿੰਘ ਚੌਂਕ ਵੀ ਲਿਖਿਆ ਦੇਖਿਆ ਜਾ ਸਕਦਾ ਹੈ। ਭਾਵੇਂ ਬਾਬਾ ਲਾਭ ਸਿੰਘ ਚੌਂਕ ਦੇ ਨਾਂਅ ਨਾਲ ਸਰਚ ਕੀਤਾ ਜਾਏ ਤਾਂ ਵੀ ਮਟਕਾ ਚੌਂਕ ਵਾਲੀ ਥਾਂ ‘ਤੇ ਬਾਬਾ ਲਾਭ ਸਿੰਘ ਚੌਂਕ ਲਿਖਿਆ ਨਿੱਕਲ ਆਏਗਾ।
ਮਟਕਾ ਚੌਂਕ ਚੰਡੀਗੜ੍ਹ ਦੇ ਸੈਕਟਰ 17 ‘ਚ ਹੈ ਜਿੱਥੇ ਆਮ ਤੌਰ ‘ਤੇ ਵੱਖ ਵੱਖ ਪ੍ਰਦਰਸ਼ਨਕਾਰੀ ਆਪੋ ਆਪਣਾ ਪ੍ਰਦਰਸ਼ਨ ਕਰਨ ਪਹੁੰਚੇ ਰਹਿੰਦੇ ਨੇ ਤੇ ਨਿਹੰਗ ਬਾਬਾ ਪਿਛਲੇ 5 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖਿਲਾਫ ਅਤੇ ਕਿਸਾਨਾਂ ਦੇ ਹੱਕ ‘ਚ ਇਸ ਚੌਂਕ ‘ਚ ਧਰਨਾ ਲਾਈ ਬੈਠੇ ਨੇ। ਖ਼ਬਰਾਂ ਨੇ ਕਿ ਕਿਸੇ ਦੁਆਰਾ ਗੂਗਲ ਮੈਪਸ ‘ਚ ਮਟਕਾ ਚੌਕ ਦੀ ਲੋਕੇਸ਼ਨ ‘ਤੇ ਜਾ ਕੇ ਬਾਬਾ ਲਾਭ ਸਿੰਘ ਚੌਂਕ ਐਡ ਕਰ ਦਿੱਤਾ ਗਿਆ ਹੈ ਜਿਸ ਕਰਕੇ ਗੂਗਲ ਮੈਪ ਹੁਣ ਇਸ ਚੌਂਕ ‘ਚ ਬਾਬਾ ਲਾਭ ਸਿੰਘ ਚੌਂਕ ਵੀ ਦਿਖਾ ਰਿਹਾ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਬਾਬਾ ਲਾਭ ਸਿੰਘ ਨੂੰ ਮਿਲਣ ਇੱਥੇ ਪਹੁੰਚੇ ਸੀ ਤੇ ਉਨ੍ਹਾਂ ਬਾਬਾ ਲਾਭ ਸਿੰਘ ਨੂੰ ਜੱਫੀ ਪਾ ਕੇ ਉਨ੍ਹਾਂ ਦੇ ਹੌਸਲੇ ਦੀ ਦਾਦ ਦਿੱਤੀ ਸੀ।
ਬਾਬਾ ਲਾਭ ਸਿੰਘ ਕਰਨਾਲ ਦੇ ਰਹਿਣ ਵਾਲੇ ਨੇ ਤੇ ਉਨ੍ਹਾਂ ਦੀ ਉਮਰ 75 ਸਾਲ ਦੀ ਹੈ। ਚੰਡੀਗੜ੍ਹ ਪੁਲਿਸ ਦੁਆਰਾ ਇੱਕ ਦੋ ਵਾਰ ਬਾਬਾ ਲਾਭ ਸਿੰਘ ਨੂੰ ਮਟਕਾ ਚੌਂਕ ‘ਚੋਂ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਪਰ ਬਾਬਾ ਲਾਭ ਸਿੰਘ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਉਥੇ ਹੀ ਬੈਠਣ ਲਈ ਬਜ਼ਿੱਦ ਨੇ।