ਗੁਰਦਾਸਪੁਰ : ਦੇਸ਼ ਦੀ ਰਾਖੀ ਲਈ ਸਿਆਚੀਨ ਗਲੇਸ਼ੀਅਰ ’ਤੇ ਸ਼ਹਾਦਤ ਦੇਣ ਵਾਲੇ ਗੁਰਦਾਸਪੁਰ ਦੇ ਪਿੰਡ ਦਬੁਰਜੀ ਦੇ ਰਹਿਣ ਵਾਲੇ 2 ਭੈਣਾਂ ਦੇ ਇਕਲੌਤੇ ਭਰਾ 21 ਸਾਲਾ ਨੌਜਵਾਨ ਪ੍ਰਗਟ ਸਿੰਘ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪ੍ਰਗਟ ਸਿੰਘ ਸਿਆਚੀਨ ਗਲੇਸ਼ੀਅਰ ’ਚ ਬਰਫੀਲੇ ਤੂਫਾਨ ਦੌਰਾਨ ਬਰਫ ਹੇਠਾਂ ਦੱਬਣ ਕਾਰਨ 25 ਅਪ੍ਰੈਲ ਨੂੰ ਜ਼ਖਮੀ ਹੋ ਗਿਆ ਸੀ, ਜੋ ਕਿ ਬੀਤੇ ਦਿਨੀਂ ਸ਼ਹਾਦਤ ਦਾ ਜਾਮ ਪੀ ਗਿਆ। ਸ਼ਹੀਦ ਦੀ ਮ੍ਰਿਤਕ ਦੇਹ ਨੂੰ ਅੱਜ ਜੱਦੀ ਪਿੰਡ ਲਿਆਂਦਾ ਗਿਆ, ਜਿਥੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਭੈਣਾਂ ਨੇ ਆਪਣੇ ਇਕਲੌਤੇ ਭਰਾ ਨੂੰ ਸਿਹਰਾ ਬੰਨ੍ਹਿਆ ਅਤੇ ਮੁੱਖ ਅਗਨੀ ਉਨ੍ਹਾਂ ਦੇ ਪਿਤਾ ਪ੍ਰੀਤਮ ਸਿੰਘ ਵਲੋਂ ਦਿੱਤੀ ਗਈ। ਇਸ ਮੌਕੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਸੀ। ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਮਜੂਦ ਰਹੇ ਅਤੇ ਫੌਜ ਦੀ ਟੁਕੜੀ ਵੱਲੋਂ ਸ਼ਹੀਦ ਨੂੰ ਸਲਾਮੀ ਦਿਤੀ ਗਈ।
ਇਸ ਮੌਕੇ ਵਿਰਲਾਪ ਕਰਦੀ ਸ਼ਹੀਦ ਦੀ ਭੈਣ ਕਿਰਨਦੀਪ ਨੇ ਕਿਹਾ ਕਿ ਉਨ੍ਹਾਂ ਨੂੰ ਦੁੱਖ ਵੀ ਹੈ ਅਤੇ ਮਾਣ ਵੀ ਹੈ ਕਿ ਉਨ੍ਹਾਂ ਦਾ ਇਕਲੌਤਾ ਭਰਾ ਦੇਸ਼ ਲਈ ਕੁਰਬਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਉਸਦਾ ਭਰਾ ਅਖੀਰ ਵਾਰ ਜਾਂਦਾ ਹੋਇਆ ਕਹਿ ਕੇ ਗਿਆ ਸੀ ਕਿ ਉਸਦੀ ਬੇਟੀ ਲਈ ਸਾਈਕਲ ਲੈ ਕੇ ਆਵੇਗਾ ਪਰ ਉਹ ਦੇਸ਼ ਲਈ ਕੁਰਬਾਨ ਹੋ ਗਿਆ। ਉਨ੍ਹਾਂ ਕਿਹਾ ਕਿ ਅੱਜ ਬੜੇ ਦੁੱਖੀ ਮਨ ਨਾਲ ਉਨ੍ਹਾਂ ਨੇ ਆਪਣੇ ਭਰਾ ਦੀ ਚਿਤਾ ਨੂੰ ਸਿਹਰਾ ਬੰਨ੍ਹਿਆ ਹੈ ਸਰਕਾਰ ਨੂੰ ਮੰਗ ਕੀਤੀ ਹੈ ਕਿ ਇਹ ਚਿਤਾਵਾਂ ਦਾ ਸਿਲਸਿਲਾ ਰੋਕਿਆ ਜਾਵੇ।