ਰੁਪਿਆ ਅੱਜ ਅਮਰੀਕੀ ਡਾਲਰ ਦੇ ਮੁਕਾਬਲੇ 11 ਪੈਸੇ ਦੇ ਨਿਘਾਰ ਨਾਲ ਰਿਕਾਰਡ 78.04 ਦੇ ਪੱਧਰ ’ਤੇ ਪੁੱਜ ਗਿਆ। ਦਿਨ ਦੇ ਕਾਰੋਬਾਰ ਦੌਰਾਨ ਰੁਪਏ ਨੇ ਅੱਜ ਲਗਾਤਾਰ ਤਿੰਨ ਸੈਸ਼ਨਾਂ ਦੌਰਾਨ ਗਿਰਾਵਟ ਦਰਜ ਕੀਤੀ। ਘਰੇਲੂ ਸ਼ੇਅਰ ਬਾਜ਼ਾਰ ਦੇ ਕਮਜ਼ੋਰ ਹੋਣ ਅਤੇ ਵਿਦੇਸ਼ਾਂ ਵਿੱਚ ਡਾਲਰ ਦੇ ਮਜ਼ਬੂਤ ਹੋਣ ਕਰਕੇ ਨਿਵੇਸ਼ਕਾਂ ਨੇ ਹੱਥ ਪਿਛਾਂਹ ਖਿੱਚੇ, ਜੋ ਰੁਪਏਵਿੱਚ ਨਿਘਾਰ ਦਾ ਮੁੱਖ ਕਾਰਨ ਰਿਹਾ।
ਰੁਪਿਆ ਡਿੱਗਣ ਨਾਲ ਜਿੱਥੇ ਵਿਦੇਸ਼ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਪਹਿਲਾਂ ਦੇ ਮੁਕਾਬਲੇ ਵਧ ਫੀਸਾਂ ਦੀ ਪੜਾਈ ਦਾ ਹੋਰ ਬੋਝ ਪਵੇਗਾ, ਉਥੇ ਦਰਾਮਦ ਹੋਣ ਵਾਲੀਆਂ ਵਸਤਾਂ ਲਈ ਵੱਧ ਵਿਦੇਸ਼ੀ ਕਰੰਸੀ ਦੀ ਅਦਾਇਗੀ ਦਾ ਬੋਝ ਵੀ ਕਿਸੇ ਨਾ ਕਿਸੇ ਰੂਪ ਵਿੱਚ ਆਮ ਲੋਕਾਂ ਨੂੰ ਝੱਲਣਾ ਪੈ ਸਕਦਾ ਹੈ। ਥੋੜ੍ਹੀ ਰਾਹਤ ਵਾਲੀ ਖ਼ਬਰ ਹੈ ਕਿ ਖੁਰਾਕੀ ਵਸ ਤਾਂ ਤੇ ਈਂਧਣ ਦੀਆਂ ਕੀਮਤਾਂ ਘਟਣ ਕਰਕੇ ਪ੍ਰਚੂਨ ਮਹਿੰਗਾਈ ਮਈ ਮਹੀਨੇ ਘੱਟ ਕੇ 7.04 ਫੀਸਦ ਰਹਿ ਗਈ ਹੈ।
ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,456.74 ਅੰਕਾਂ ਦੇ ਨਿਘਾਰ ਨਾਲ 52,846.70 ਦੇ ਅੰਕੜੇ ’ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ 1456.74 ਅੰਕ ਡਿੱਗਣ ਨਾਲ ਨਿਵੇਸ਼ਕਾਂ ਦਾ 2.45 ਲੱਖ ਕਰੋੜ ਮਿੱਟੀ ਹੋ ਗਿਆ। ਇਥੇ ਇਹ ਇਹ ਵੀ ਜਿਕਰਯੋਗ ਹੈ ਕਿ ਇਸ ਨਿਘਾਰ ਦੀ ਮੁੱਖ ਵਜ੍ਹਾ ਕੱਚੇ ਤੇਲ ਦੀਆਂ ਕੀਮਤਾਂ ਦਾ ਡਿੱਗ ਕੇ 120 ਡਾਲਰ ਪ੍ਰਤੀ ਬੈਰਲ ਦੇ ਪੱਧਰ ਨੂੰ ਪੁੱਜਣਾ ਹੈ। ਕਾਰੋਬਾਰ ਦੌਰਾਨ ਬਜਾਜ ਫਿਨਸਰਵ, ਟੀਸੀਐੱਸ, ਐੱਨਟੀਪੀਸੀ, ਐੱਸਬੀਆਈ, ਟੈੱਕ ਮਹਿੰਦਰਾ ਤੇ ਇਨਫੋਸਿਸ ਦੇ ਸ਼ੇਅਰਾਂ ਨੂੰ ਮਾਰ ਪਈ।ਅੰਤਰ-ਬੈਂਕ ਵਿਦੇਸ਼ੀ ਮੁਦਰਾ ਤਬਾਦਲਾ ਬਾਜ਼ਾਰ ਵਿੱਚ ਡਾਲਰ ਦੇ ਮੁਕਾਬਲੇ ਰੁਪਿਆ ਅੱਜ 78.20 ’ਤੇ ਖੁੱਲ੍ਹਿਆ।