ਭਾਰਤ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਤੇਜੀ ਨਾਲ ਵੱਧ ਰਹੇ ਹਨ| ਹਲਾਕਿ ਵੈਕਸੀਨ ਵੀ ਆ ਚੁੱਕੀ ਹੈ ਪਰ ਫਿਰ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਰਫਤਾਰ ਫੜ ਰਹੇ ਹਨ ਅਤੇ ਮੌਤਾਂ ਦਾ ਸਿਲਸਲਾ ਅਜੇ ਵੀ ਜਾਰੀ ਹੈ।ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮਿਸਟਰ ਮੋਦੀ, ਲੋਕਾਂ ਦਾ ਟੀਕਾਕਰਨ ਕਰੋ, ਦੇਰੀ ਨਹੀਂ। ਦਰਅਸਲ, ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਇੱਕ ਅੰਕੜਾ ਸਾਂਝਾ ਕੀਤਾ ਹੈ, ਜਿਸ ਅਨੁਸਾਰ 70 ਫੀਸਦੀ ਜ਼ਿਲ੍ਹਿਆਂ ਵਿੱਚ ਪ੍ਰਤੀ 100 ਆਬਾਦੀ ਵਿੱਚ 20 ਤੋਂ ਘੱਟ ਖੁਰਾਕਾਂ ਮਿਲੀਆਂ ਹਨ।ਮਹੱਤਵਪੂਰਣ ਗੱਲ ਇਹ ਹੈ ਕਿ ਰਾਹੁਲ ਗਾਂਧੀ ਲਗਾਤਾਰ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ। ਭਾਵੇਂ ਇਹ ਕੋਰੋਨਾ ਨਾਲ ਜੁੜੇ ਪ੍ਰਬੰਧ ਹੋਣ, ਆਕਸੀਜਨ ਅਤੇ ਟੀਕਾਕਰਨ ਨਾਲ ਜੁੜੀ ਪ੍ਰਣਾਲੀ ਹੋਵੇ, ਉਹ ਇਨ੍ਹਾਂ ਸਾਰੇ ਮੁੱਦਿਆਂ ‘ਤੇ ਨਿਰੰਤਰ ਬੋਲ ਰਹੇ ਹਨ। ਆਪਣੇ ਇੱਕ ਟਵੀਟ ਵਿੱਚ, ਰਾਹੁਲ ਨੇ ਟੀਕੇ ਬਾਰੇ ਸਰਕਾਰ ਉੱਤੇ ਹਮਲਾ ਬੋਲਦਿਆਂ ਕਿਹਾ ਸੀ ਕੇ, “ਵੈਕਸੀਨ ਘੱਟ ਹੁੰਦੀ ਜਾ ਰਹੀ ਹੈ ਅਤੇ ਕੋਵਿਡ ਕਾਰਨ ਮੌਤਾਂ ਵੱਧਦੀਆਂ ਜਾ ਰਹੀਆਂ ਨੇ। ਕੇਂਦਰ ਸਰਕਾਰ ਦੀ ਨੀਤੀ – ਧਿਆਨ ਹਟਾਓ, ਝੂਠ ਫੈਲਾਓ, ਰੌਲਾ ਪਾ ਕੇ ਤੱਥਾਂ ਨੂੰ ਲੁਕਾਓ।”