ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ 7ਵੇਂ ਦਿਨ ਵੀ ਹੋਰ ਭਿਆਨਕ ਹੋ ਗਈ ਹੈ। ਰੂਸ ਯੂਕਰੇਨ ਦੇ ਸ਼ਹਿਰਾਂ ‘ਤੇ ਲਗਾਤਾਰ ਹਮਲੇ ਕਰ ਰਿਹਾ ਹੈ, ਜਿਸ ‘ਚ ਨਾਗਰਿਕ ਅਤੇ ਫੌਜੀ ਮਾਰੇ ਜਾ ਰਹੇ ਹਨ। ਬੁੱਧਵਾਰ ਨੂੰ ਖਾਰਕੀਵ ਵਿੱਚ ਰੂਸੀ ਹਮਲੇ ਵਿੱਚ 21 ਲੋਕ ਮਾਰੇ ਗਏ ਸਨ। ਇਸ ਖੂਨੀ ਯੁੱਧ ਦੇ ਵਿਚਕਾਰ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਪ੍ਰਮਾਣੂ ਹਥਿਆਰਾਂ ਅਤੇ ਤੀਜੇ ਵਿਸ਼ਵ ਯੁੱਧ ਦਾ ਜ਼ਿਕਰ ਕੀਤਾ ਹੈ।
RIA ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਰੂਸੀ ਵਿਦੇਸ਼ ਮੰਤਰੀ ਲਾਵਰੋਵ ਨੇ ਕਿਹਾ ਹੈ ਕਿ ਜੇਕਰ ਤੀਜਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਉਸ ਵਿੱਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਵਿਨਾਸ਼ਕਾਰੀ ਸਾਬਤ ਹੋਵੇਗਾ। ਲਾਵਰੋਵ ਨੇ ਆਪਣੇ ਬਿਆਨ ‘ਚ ਕਿਹਾ ਕਿ ਪਿਛਲੇ ਹਫਤੇ ਰੂਸ ਨੇ ਯੂਕਰੇਨ ਖ਼ਿਲਾਫ਼ ਵਿਸ਼ੇਸ਼ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ। ਉਸ ਨੇ ਕਿਹਾ ਹੈ ਕਿ ਜੇਕਰ ਯੂਕਰੇਨ ਪ੍ਰਮਾਣੂ ਹਥਿਆਰ ਹਾਸਲ ਕਰਦਾ ਹੈ ਤਾਂ ਇਹ ਰੂਸ ਲਈ ਵੱਡਾ ਖ਼ਤਰਾ ਹੋਵੇਗਾ।