26 ਜਨਵਰੀ ਹਿੰਸਾ ਮਾਮਲੇ ਵਿੱਚ ਲੱਖਾ ਸਿਧਾਣਾ ਨੂੰ ਵੱਡੀ ਰਾਹਤ ਮਿਲੀ ਹੈ। ਤੀਸ ਹਜ਼ਾਰੀ ਕੋਰਟ ਨੇ ਲੱਖਾ ਸਿਧਾਣਾ ਦੀ ਗ੍ਰਿਫਤਾਰੀ ‘ਤੇ 3 ਜੁਲਾਈ ਤੱਕ ਰੋਕ ਲੱਗਾ ਦਿੱਤੀ ਹੈ। ਲੱਖਾ ਸਿਧਾਣਾ ਨੇ ਦਿੱਲੀ ਪੁਲਿਸ ਦੀ ਗ੍ਰਿਫ਼ਤਾਰੀ ਤੋਂ ਬਚਣ ਲਈ ਤੀਸ ਹਜ਼ਾਰੀ ਕੋਰਟ ਵਿੱਚ ਅੰਤਰਿਮ ਪ੍ਰੋਟੈਕਸ਼ਨ ਦੀ ਅਰਜ਼ੀ ਦਾਇਰ ਕੀਤੀ ਸੀ। ਦਿੱਲੀ ਸਿੱਖ ਗੁਰੁਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ। ਸੈਸ਼ਨ ਜੱਜ ਨੇ ਲੱਖਾ ਸਿਧਾਣਾ ਨੂੰ 2021 ਦੇ ਐਫ.ਆਈ.ਆਰ. ਨੰ. 96 ਵਿਚ ਉਸਦੀ ਅਗਾਉਂ ਜ਼ਮਾਨਤ ਅਰਜ਼ੀ ਦੀ ਸੁਣਵਾਈ ਕਰਦਿਆਂ ਗ੍ਰਿਫਤਾਰੀ ਤੋਂ ਅੰਤਰਿਮ ਸੁਰੱਖਿਆ ਦਿੱਤੀ, ਜੋ ਅੱਜ ਅਦਾਲਤ ਵਿਚ ਦਰਜ਼ ਕੀਤੀ ਗਈ।
ਦੱਸ ਦੇਈਏ ਕਿ ਕਿਸਾਨ ਟਰੈਕਟਰ ਮਾਰਚ ਦੌਰਾਨ 26 ਜਨਵਰੀ ਨੂੰ ਦਿੱਲੀ ਲਾਲ ਕਿਲ੍ਹੇ ‘ਤੇ ਹਿੰਸਾ ਹੋਈ ਸੀ, ਜਿਸ ਵਿੱਚ ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਖਿਲਾਫ਼ ਸਖ਼ਤ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਲੱਖੇ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਵੱਲੋਂ ਲੱਖੇ ਦੀ ਗ੍ਰਿਫ਼ਤਾਰੀ ਲਈ ਇਨਾਮ ਵੀ ਐਲਾਨਿਆ ਹੋਇਆ ਹੈ।