ਬੀਤੇ ਦਿਨੀ ਮੋਹਾਲੀ ਦੇ ਸੈਕਟਰ -71 ਵਿੱਚ ਯੂਥ ਅਕਾਲੀ ਦਲ ਦੇ ਲੀਡਰ ਵਿੱਕੀ ਮਿੰਡੂਖੇੜਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | ਹੁਣ ਇਸ ਮਾਮਲੇ ਦੇ ਵਿੱਚ ਮੋਹਾਲੀ ਪੁਲਿਸ ਗੈਂਗਸਟਰ ਸੁਖਪ੍ਰੀਤ ਬੁੱਢਾ ਅਤੇ ਗੈਂਗਸਟਰ ਅਮਨ ਜੈਤੋ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਹੈ।
ਮੋਹਾਲੀ ਪੁਲਿਸ ਵੱਲੋਂ ਗੈਂਗਸਟਰ ਸੁਖਪ੍ਰੀਤ ਬੁੱਢਾ ਅਤੇ ਗੈਂਗਸਟਰ ਅਮਨ ਕੁਮਾਰ ਜੈਤੋ ਨੂੰ ਅੱਜ ਖਰੜ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ , ਜਿੱਥੇ ਅਦਾਲਤ ਨੇ ਸੁਖਪ੍ਰੀਤ ਬੁੱਢਾ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ ਅਤੇ ਅਮਨ ਜੈਤੋ ਨੂੰ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਵਿੱਕੀ ਮਿੰਡੂਖੇੜਾ ਕਤਲ ਮਾਮਲੇ ‘ਚ ਪੁਲਿਸ ਹੁਣ ਜੇਲ ‘ਚ ਬੰਦ ਗੈਂਗਸਟਰਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਇਸ ਕਤਲ ਮਾਮਲੇ ‘ਚ ਪੁਲਿਸ ਨੇ ਇਕ ਸ਼ੂਟਰ ਦੀ ਸ਼ਨਾਖ਼ਤ ਕਰ ਲਈ ਹੈ। ਸੂਤਰਾਂ ਮੁਤਾਬਕ ਇਸ ਸ਼ੂਟਆਊਟ ਵਿਚ ਖੱਬੇ ਹੱਥ ਨਾਲ ਗੋਲੀ ਚਲਾ ਰਿਹਾ ਗੈਂਗਸਟਰ ਵਿਨੇ ਦਿਓੜਾ ਹੈ ,ਜੋ ਗੈਂਗਸਟਰ ਲਵ ਦਿਓੜਾ ਦਾ ਭਰਾ ਹੈ। ਲਵ ਦਿਓੜਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਕਤਲ ਕਰ ਦਿੱਤਾ ਸੀ।
ਸੂਤਰਾਂ ਮੁਤਾਬਕ ਵਿਨੇ ਦਿਓੜਾ ਕੋਟਕਪੁਰਾ ਦਾ ਰਹਿਣ ਵਾਲਾ ਹੈ,ਜਿਸਨੂੰ ਫੜਨ ਲਈ ਪੁਲਿਸ ਨੇ ਕੋਟਕਪੁਰਾ ਵਿਚ ਵੀ ਛਾਪੇਮਾਰੀ ਕੀਤੀ ਹੈ ਤੇ ਮੁਹਾਲੀ ਵਿਚ ਕਈ ਫਲੈਟਾਂ ਵਿਚ ਵੀ ਛਾਪੇਮਾਰੀ ਕੀਤੀ ਹੈ। ਵਿੱਕੀ ਮਿੰਡੂਖੇੜਾ ਦੇ ਕਤਲ ਦੇ ਕੁਝ ਸਮੇਂ ਬਾਅਦ ਹੀ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਪੂਰੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਲਈ ਗਈ ਸੀ।