ਮਰਹੂਮ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਡੇਢ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਪਰ ਅਜੇ ਤੱਕ ਇਨਸਾਫ਼ ਮਿਲਦਾ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ।ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸਦੇ ਮਾਤਾ-ਪਿਤਾ ਇਸ ਸਦਮੇ ‘ਚ ਹਨ।ਸਿੱਧੂ ਦੇ ਮਾਤਾ-ਪਿਤਾ ਸਿੱਧੂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਹੌਲੀ ਹੌਲੀ ਦੁਨੀਆ, ਲੋਕਾਂ ‘ਚ ਵਿਚਰ ਰਹੇ ਹਨ।
ਥੋੜ੍ਹੇ ਦਿਨ ਪਹਿਲਾਂ ਸਿੱਧੂ ਦੇ ਪਿਤਾ ਜੀ ਸ. ਬਲਾਕੌਰ ਸਿੰਘ ਨੇ ਸਿੱਧੂ ਦੀ ਯਾਦ ‘ਚ ਸੜਕ ਦਾ ਨੀਂਹ ਪੱਥਰ ਰੱਖਿਆ ਸੀ।ਅੱਜ ਸਿੱਧੂ ਦੇ ਮਾਤਾ ਜੀ ਚਰਨ ਕੌਰ ਜੀ ਸਿੱਧੂ ਦੀ ਮੌਤ ਤੋਂ ਬਾਅਦ ਪਹਿਲੀ ਵਾਰੀ ਲੋਕਾਂ ਦੇ ਰੂ ਬ ਰੂ ਹੋਏ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿੱਧੂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨਗੇ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਉਹਨਾਂ ਦੇ ਮਾਤਾ ਚਰਨ ਕੌਰ ਅੱਜ ਲੋਕਾਂ ‘ਚ ਵਿਚਰਦੇ ਨਜ਼ਰ ਆਏ। ਇਸ ਦੌਰਾਨ ਉਹਨਾਂ ਕਿਹਾ ਕਿ ਉਹ ਆਪਣੇ ਪੁੱਤਰ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਚਰਨ ਕੌਰ ਨੇ ਦੱਸਿਆ ਕਿ ਸਿੱਧੂ ਦੀ ਸ਼ੁਰੂ ਤੋਂ ਇਹੀ ਸੋਚ ਸੀ ਕਿ ਸਾਡਾ ਪਿੰਡ ਵਿਕਾਸ ਪੱਖੋਂ ਮੋਹਰੀ ਹੋਵੇ।
ਉਹਨਾਂ ਕਿਹਾ ਕਿ ਸਿੱਧੂ ਦੇ ਬਹੁਤ ਵੱਡੇ-ਵੱਡੇ ਸੁਪਨੇ ਸੀ। ਵਾਹਿਗੁਰੂ ਨੇ ਉਸ ਨੂੰ ਤਾਂ ਪੂਰੇ ਨਹੀਂ ਕਰਨ ਦਿੱਤੇ, ਸੋਚਦੇ ਹਾਂ ਕਿ ਅਸੀਂ ਜ਼ਰੂਰ ਪੂਰੇ ਕਰਾਂਗੇ।
ਸਰਪੰਚ ਚਰਨ ਕੌਰ ਪਿੰਡ ਮੂਸਾ ’ਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਲਈ ਪਹੁੰਚੇ ਸਨ। ਉਹਨਾਂ ਕਿਹਾ ਕਿ ਪਿੰਡ ’ਚ ਸਾਰੇ ਵਿਕਾਸ ਕਾਰਜ ਜਾਰੀ ਰਹਿਣਗੇ ਅਤੇ ਸਿੱਧੂ ਦਾ ਹਰ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਸਿੱਧੂ ਦੀ ਸੋਚ ਸੀ ਕਿ ਇਲਾਕੇ ’ਚ ਕੈਂਸਰ ਹਸਪਤਾਲ ਹੋਵੇ। ਉਹ ਚਾਹੁੰਦੇ ਸਨ ਕਿ ਨੌਜਵਾਨਾਂ ਨੂੰ ਉਚੇਰੀ ਸਿੱਖਿਆ ਲਈ ਹੋਰ ਸ਼ਹਿਰਾਂ ਵਿਚ ਨਾ ਜਾਣਾ ਪਵੇ, ਇਸ ਲਈ ਮਾਨਸਾ ਵਿਚ ਯੂਨੀਵਰਸਿਟੀ ਵੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪਿੰਡ ਦਾ ਸਟੇਡੀਅਮ ਅਤੇ ਮੁੱਖ ਗੇਟ ਵੀ ਵਧੀਆ ਹੋਣਾ ਚਾਹੀਦਾ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਸਬੰਧੀ ਉਹਨਾਂ ਕਿਹਾ ਕਿ ਇਹ ਤਾਂ ਫ਼ੈਸਲਾ ਆਉਣ ’ਤੇ ਹੀ ਪਤਾ ਲੱਗੇਗਾ। ਜੇਕਰ ਸਾਨੂੰ ਇਨਸਾਫ ਮਿਲਦਾ ਹੈ ਤਾਂ ਅਸੀਂ ਸਰਕਾਰ ਨੇ ਸ਼ੁਕਰਗੁਜ਼ਾਰ ਹੋਵਾਂਗੇ।
ਜ਼ਿਕਰਯੋਗ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਨੂੰ ਕਰੀਬ 5:30 ਵਜੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਪਿੰਡ ਮੂਸਾ ਦੇ ਨਜ਼ਦੀਕ ਪਿੰਡ ਜਵਾਹਰਕੇ ‘ਚ ਘੇਰਾ ਪਾ ਕੇ ਅਣਪਛਾਤਿਆਂ ਵਲੋਂ ਸਿੱਧੂ ਬੁਰੀ ਤਰ੍ਹਾਂ ਗੋਲੀਆਂ ਮਾਰ ਗਈਆਂ, ਹਸਪਤਾਲ ਪਹੁੰਚਦਿਆਂ ਤੱਕ ਸਿੱਧੂ ਨੇ ਦਮ ਤੋੜ ਦਿੱਤਾ।ਸਿੱਧੂ ਦੀ ਮੌਤ ਉਸਦੇ ਪਰਿਵਾਰ ਤੇ ਪੰਜਾਬੀ ਇੰਡਸਟਰੀ ਲਈ ਕਦੇ ਨਾਲ ਪੂਰਾ ਹੋਣ ਵਾਲਾ ਘਾਟਾ ਪਿਆ।