ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂੰਨੀਨੇ ਸਪਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਝੋਨਾ ਲਾਉਣ ਲਈ ਮਜ਼ਦੂਰਾਂ ਵਾਸਤੇ ਭਾਅ ਤੈਅ ਕਰਨ ਬਾਰੇ ਕੋਈ ਬਿਆਨ ਨਹੀਂ ਦਿੱਤਾ ਤੇ ਨਾ ਹੀ ਕੋਈ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਕਿਸਾਨਾਂ ਤੇ ਮਜ਼ਦੂਰਾਂ ਦੀ ਸਾਂਝ ਨੂੰ ਤੋੜਨ ਲਈ ਇਹ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਝੋਨਾ ਲਾਉਣ ਲਈ ਰੇਟ ਤੈਅ ਕਰਨ ਦਾ ਫ਼ੈਸਲਾ ਪੰਜਾਬ ਦੇ ਕਿਸੇ ਪਿੰਡ ਨੇ ਕੀਤਾ ਸੀ ਤੇ ਉਸ ਪਿੰਡ ਦੇ ਫ਼ੈਸਲੇ ਨੂੰ ਕਿਸਾਨ ਮੋਰਚੇ ਦਾ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤਾ, ਜਦ ਕਿ ਮੋਰਚੇ ਨੇ ਕਦੇ ਵੀ ਇਸ ਮਾਮਲੇ ’ਤੇ ਚਰਚਾ ਨਹੀਂ ਕੀਤੀ। ਉਨ੍ਹਾਂ ਕਿਹਾ ਇਹ ਕਿਸਾਨਾਂ ਦੀ ਮਰਜ਼ੀ ਹੈ ਕਿ ਉਹ ਮਜ਼ਦੂਰਾਂ ਨਾਲ ਜੋ ਵੀ ਭਾਅ ਤੈਅ ਕਰਨ ਤੇ ਮਜ਼ਦੂਰਾਂ ਦੀ ਆਪਣੀ ਇੱਛਾ ਹੈ ਕਿ ਉਹ ਆਪਣੀ ਮਿਹਨਤ ਦਾ ਕੋਈ ਵੀ ਮੁੱਲ ਲੈਣ। ਹਰ ਪਿੰਡ ਤੇ ਇਲਾਕੇ ਦੇ ਆਪੋ ਆਪਣੇ ਰੇਟ ਹੁੰਦੇ ਹਨ। ਇਸ ਲਈ ਅਫ਼ਵਾਹਾਂ ਤੋਂ ਬਚੋ।