ਪੰਜਾਬ ਕਾਂਗਰਸ ਵਿਚ ਪੈਦਾ ਹੋਏ ਗੰਭੀਰ ਹਾਲਾਤ ਦਰਮਿਆਨ ਹਾਈਕਮਾਨ ਦੇ ਦਖ਼ਲ ਦੇਣ ਤੋਂ ਬਾਅਦ ਨਵਜੋਤ ਸਿੱਧੂ ਨੇ ਇਕ ਹੋਰ ਟਵੀਟ ਕੀਤਾ ਹੈ। ਇਸ ਵਾਰ ਸਿੱਧੂ ਨੇ ਆਖਿਆ ਹੈ ਕਿ ਸਾਬਤ ਕਰਕੇ ਦਿਖਾਓ ਜੇ ਮੈਂ ਇਕ ਵੀ ਬੈਠਕ ਕਿਸੇ ਹੋਰ ਪਾਰਟੀ ਦੇ ਕਿਸੇ ਲੀਡਰ ਨਾਲ ਕੀਤੀ ਹੋਵੇ ? ਸਿੱਧੂ ਨੇ ਇਹ ਵੀ ਆਖਿਆ ਹੈ ਕਿ ਮੈਂ ਅੱਜ ਤੱਕ ਕਿਸੇ ਤੋਂ ਕੋਈ ਵੀ ਅਹੁਦਾ ਨਹੀਂ ਮੰਗਿਆ। ਮੇਰੀ ਇਕੋ-ਇਕ ਮੰਗ “ਪੰਜਾਬ ਦੀ ਖੁਸ਼ਹਾਲੀ” ਹੈ। ਮੈਨੂੰ ਬਹੁਤ ਵਾਰ ਸੱਦ ਕੇ ਕੈਬਨਿਟ ’ਚ ਸ਼ਾਮਲ ਹੋਣ ਦੀ ਪੇਸ਼ਕਸ ਕੀਤੀ ਗਈ ਪਰ ਮੈਂ ਆਪਣੀ ਜ਼ਮੀਰ ਦੇ ਵਿਰੁੱਧ ਕੁੱਝ ਵੀ ਕਬੂਲ ਨਹੀਂ ਕੀਤਾ। ਹੁਣ ਸਾਡੀ ਮਾਣਯੋਗ ਹਾਈਕਮਾਨ ਨੇ ਦਖ਼ਲ ਦੇ ਦਿੱਤਾ ਹੈ। ਅਸੀਂ ਉਡੀਕ ਕਰਾਂਗੇ। ਪੰਜਾਬ ਕਾਂਗਰਸ ਵਿਚ ਮੱਚੇ ਘਮਸਾਨ ’ਤੇ ਕਾਂਗਰਸ ਹਾਈਕਮਾਨ ਨੇ ਤਿੱਖੀ ਨਜ਼ਰ ਟਿਕਾਅ ਲਈ ਹੈ।
ਕਾਂਗਰਸ ਹਾਈਕਮਾਨ ਹੁਣ ਇਸ ਘਮਸਾਨ ਨੂੰ ਛੇਤੀ ਤੋਂ ਛੇਤੀ ਸ਼ਾਂਤ ਕਰ ਕੇ ਨਿਪਟਾਉਣ ਦੀ ਤਿਆਰੀ ਵਿਚ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਵੀ ਸ਼ੁੱਕਰਵਾਰ ਨੂੰ ਦੋ ਟੁਕ ਸ਼ਬਦਾਂ ਵਿਚ ਸਪੱਸ਼ਟ ਕਰ ਦਿੱਤਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਪਾਰਟੀ ਸਾਰੇ ਘਟਨਾਕਰਮਾਂ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਛੇਤੀ ਹੀ ਇਸ ਨੂੰ ਸੁਲਝਾ ਲਿਆ ਜਾਵੇਗਾ। ਉੱਧਰ, ਕਾਂਗਰਸ ਹਾਈਕਮਾਨ ਦੇ ਸਿੱਧੇ ਦਖ਼ਲ ਨੂੰ ਵੇਖਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਵੀ ਫਿਲਹਾਲ ਚੁੱਪੀ ਧਾਰ ਲਈ ਹੈ। ਰੋਜ਼ਾਨਾ ਕਦੇ ਸਰਕਾਰ ਤਾਂ ਕਦੇ ਸਿੱਧੇ ਮੁੱਖ ਮੰਤਰੀ ਨੂੰ ਘੇਰਨ ਵਾਲੇ ਨਵਜੋਤ ਸਿੱਧੂ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖੀ ਅਤੇ ਜਨਤਕ ਤੌਰ ’ਤੇ ਕੋਈ ਬਿਆਨਬਾਜ਼ੀ ਨਹੀਂ ਕੀਤੀ। ਇਸ ਚੁੱਪੀ ਤੋਂ ਇਕ ਦਿਨ ਪਹਿਲਾਂ ਹੀ ਸਿੱਧੂ ਨੇ ਵਿਧਾਇਕਾਂ ਅਤੇ ਪਾਰਟੀ ਕਰਮਚਾਰੀਆਂ ਨੂੰ ਦਿੱਲੀ ਦਸਤਕ ਦੇਣ ਦਾ ਨਾਅਰਾ ਬੁਲੰਦ ਕੀਤਾ ਸੀ। ਸਿੱਧੂ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਹੁਣ ਵਿਧਾਇਕਾਂ ਅਤੇ ਪਾਰਟੀ ਕਰਮਚਾਰੀਆਂ ਨੂੰ ਦਿੱਲੀ ਜਾ ਕੇ ਹਾਈਕਮਾਨ ਨੂੰ ਸੱਚ ਲਾਜ਼ਮੀ ਦੱਸਣਾ ਚਾਹੀਦਾ ਹੈ, ਜੋ ਉਹ ਲਗਾਤਾਰ ਦੱਸ ਰਹੇ ਹਨ।