ਗੈਂਗਸਟਰ ਜੈਪਾਲ ਭੁੱਲਰ ਤੇ ਜੱਸੀ ਖਰੜ ਦੇ ਐਨਕਾਊਂਟਰ ਦੀ ਰਣਨੀਤੀ ਘੜਨ ਵਾਲੇ ਅਫ਼ਸਰ AIG ਗੁਰਮੀਤ ਚੌਹਾਨ ਨੇ ਵੱਡੇ ਖੁਲਾਸੇ ਕੀਤੇ ਹਨ। ਸਾਡੇ ਪੱਤਰਕਾਰ ਵੱਲੋਂ ਇਸ ਅਫਸਰ ਨਾਲ ਗੱਲਬਾਤ ਕੀਤੀ ਗਈ,ਜਿਨ੍ਹਾਂ ਦੱਸਿਆ ਕਿ ਜੈਪਾਲ ਦੀ ਲੰਬੇ ਸਮੇਂ ਤੋਂ ਭਾਲ ਸੀ ਜੋ ਬਹੁਤ ਵਾਰ ਪੁਲਿਸ ਦੇ ਹੱਥੋਂ ਬੱਚ ਕੇ ਨਿਕਲ ਜਾਂਦਾ ਸੀ. ਇਸ ਦੇ ਨਾਲ ਹੀ ਉਨਾਂ ਕਿਹਾ ਕਿ ਉਹ ਆਪਣੇ ਨਾਲ ਹਰ ਸਮੇਂ ਲੈਪਟੌਪ ਰੱਖਦਾ ਸੀ ਜਿਸ ਨਾਲ ਉਹ ਜਾਅਲੀ ਆਈ ਕਾਰਡ ਬਣਾ ਲੈਂਦਾ ਸੀ ਅਤੇ ਆਪਣੇ ਕਿਸੇ ਵੀ ਕਰੀਬੀ ਸਾਥੀ ਨੂੰ ਭੇਤ ਨਹੀਂ ਸੀ ਦਿੰਦਾ ਜਿਸ ਕਾਰਨ ਉਹ ਕਦੇ ਵੀ ਫੜਿਆ ਨਹੀਂ ਗਿਆ | ਭਰਤ ਨਾਮ ਦੇ ਵਿਅਕਤੀ ਦੇ ਫੜਨ ਤੋਂ ਬਾਅਦ ਵੀ ਉਨਾਂ ਨੂੰ ਕੁਝ ਸਮਾਂ ਲਾ ਕੇ ਜੈਪਾਲ ਦੀ ਲੁਕੇਸ਼ਨ ਬਾਰੇ ਪਤਾ ਲੱਗਿਆ ਜਦੋਂ ਉਹ ਕਲਕੱਤਾ ਵਿੱਚ ਸੀ। ਉਨਾਂ ਦੱਸਿਆ ਕਿ ਜੈਪਾਲ ਕਦੇ ਮੋਬਾਇਲ ਨਹੀਂ ਸੀ ਰੱਖਦਾ ਉਹ ਹਮੇਸ਼ਾ ਥਰਡ ਪਰਸਨ ਭਾਵ ਤੀਜ਼ੇ ਬੰਦੇ ਤੋਂ ਕਿਸੇ ਨਾਲ ਗੱਲਬਾਤ ਕਰਦਾ ਸੀ. ਪੁਲਿਸ ਵੱਲੋਂ ਬਹੁਤ ਵਾਰ ਉਸ ਦੇ ਪਿਤਾ ਨੂੰ ਜੈਪਾਲ ਨੂੰ ਪੇਸ਼ ਕਰਾਉਣ ਲਈ ਵੀ ਕਿਹਾ ਗਿਆ ਸੀ, ਪਰ ਅਜਿਹਾ ਕਦੇ ਨਹੀਂ ਹੋਇਆ। ਇੱਥੇ ਦੱਸ ਦੇਈਏ ਕਿ ਜੈਪਾਲ ਦਾ ਪਿਤਾ ਵੀ ਇੱਕ ਪੁਲਿਸ ਅਫਸਰ ਸੀ। ਪਰ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜੈਪਾਲ ਪੁਲਿਸ ਅੱਗੇ ਆਪ ਪੇਸ਼ ਹੋ ਜਾਂਦਾ ਤਾਂ ਸਾਨੂੰ ਕਦੇ ਵੀ ਅਨਕਾਂਊਟਰ ਕਰਨ ਦੀ ਲੋੜ ਨਾ ਪੈਂਦੀ। ਜਦੋਂ ਗੈਂਗਸਟਰਾਂ ਵੱਲੋਂ ਪੁਲਿਸ ‘ਤੇ ਗੋਲੀਆਂ ਚਲਾਈਆਂ ਗਈਆਂ ਤਾਂ ਉਨਾਂ ਗੈਂਗਸਟਰ ਜੈਪਾਲ ਭੁੱਲਰ ਤੇ ਉਸਦੇ ਸਾਥੀ ਦਾ ਮੌਕੇ ‘ਤੇ ਐਨਕਾਊਂਟਰ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਗੈਂਗਸਟਰ ਜੈਪਾਲ ਭੁੱਲਰ ਲੰਬੇ ਸਮੇਂ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ| ਪਿਛਲੇ ਦਿਨੀ ਹੀ ਜਗਰਾਓਂ ਦੀ ਦਾਣਾ ਮੰਡੀ ‘ਚ ਜੈਪਾਲ ਭੁੱਲਰ ਅਤੇ ਉਸ ਦੇ ਸਾਥੀਆਂ ਵਲੋਂ ASI ਭਗਵਾਨ ਸਿੰਘ ਅਤੇ ਦਲਵਿੰਦਰ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਜੈਪਾਲ ਨੂੰ ਲੱਭਣ ਲਈ ਪੁਲਿਸ ਨੇ ਭਾਲ ਹੋਰ ਤੇਜ਼ੀ ਕਰ ਦਿੱਤੀ ਸੀ।ਜਿਸ ਤੋਂ ਬਾਅਦ ਬੀਤੇ ਦਿਨ ਪੁਲਿਸ ਨੇ ਜੈਪਾਲ ਦਾ ਐਨਕਾਊਂਟਰ ਕਰ ਦਿੱਤਾ |