ਟਰੈਵਲ ਏਜੰਟਾਂ ਵੱਲੋਂ ਧੋਖਾਧੜੀ ਦੇ ਮਾਮਲੇ ਵੱਧਦੇ ਤੋਂ ਬਾਅਦ ਪੰਜਾਬ ਪੁਲਿਸ ਹਰਕਤ ‘ਚ ਦੇਖੀ ਜਾ ਰਹੀ ਹੈ। ਜਲੰਧਰ ਸ਼ਹਿਰ ਦੀ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਵਿੱਚ ਦਰਜ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਿਸ ਨੇ 11 ਟਰੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਪੁਲਿਸ ਅਜੇ ਹੋਰ ਸ਼ਿਕਾਇਤਾਂ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ‘ਤੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਵਿਭਾਗ ਨੇ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ, ਉਨ੍ਹਾਂ ਵਿੱਚੋਂ ਬਹੁਤੇ ਅਜਿਹੇ ਹਨ ਜਿਨ੍ਹਾਂ ਕੋਲ ਕੰਸਲਟੈਂਸੀ ਦਾ ਲਾਇਸੈਂਸ ਵੀ ਨਹੀਂ ਹੈ, ਫਿਰ ਵੀ ਉਹ ਲੋਕਾਂ ਨੂੰ ਫਰਜ਼ੀ ਤਰੀਕੇ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰ ਰਹੇ ਸਨ। ਕੁਝ ਅਜਿਹੇ ਵੀ ਹਨ ਜੋ ਲਾਈਸੈਂਸ ਦੀ ਆੜ ਵਿੱਚ ਧੋਖਾਧੜੀ ਦੀ ਦੁਕਾਨ ਚਲਾ ਰਹੇ ਸਨ। ਉਹ ਲੋਕਾਂ ਨੂੰ ਲਾਇਸੈਂਸ ਦਿਖਾ ਕੇ ਵਿਦੇਸ਼ ਭੇਜਣ ਦਾ ਭਰੋਸਾ ਦੇ ਰਹੇ ਸਨ ਪਰ ਲੋਕਾਂ ਦੇ ਖੂਨ ਪਸੀਨੇ ਦੇ ਲੱਖਾਂ ਰੁਪਏ ਹੜੱਪ ਕੇ ਗਾਇਬ ਹੋ ਗਏ।